-ਆਨਲਾਈਨ ਕਰਜ਼ੇ ਦੀਆਂ ਪੇਸ਼ਕਸ਼ਾਂ

-ਆਨਲਾਈਨ ਕਰਜ਼ੇ ਦੀਆਂ ਪੇਸ਼ਕਸ਼ਾਂ ਦੇ ਨਾਂ 'ਤੇ ਵਧ ਰਹੇ ਮਾਮਲੇ, ਦਿਲਖਿੱਚਵੇਂ ਆਫਰ ਦਾ ਲਾਲਚ
ਸੁਕਰਾਂਤ, ਜਾਗਰਣ, ਜਲੰਧਰ : ਜਲੰਧਰ ’ਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹਾਲ ਹੀ ’ਚ ਇਕ ਨੌਜਵਾਨ ਨੂੰ ਸਸਤੇ ਕਰਜ਼ੇ ਦੀ ਪੇਸ਼ਕਸ਼ ਦੇ ਕੇ ਠੱਗਾਂ ਨੇ 22 ਹਜ਼ਾਰ ਰੁਪਏ ਚੋਰੀ ਕਰ ਲਏ। ਪੀੜਤ ਨੌਜਵਾਨ ਮਕਾਨ ਬਣਾਉਣ ਲਈ 5 ਲੱਖ ਰੁਪਏ ਦਾ ਕਰਜ਼ਾ ਲੈਣਾ ਚਾਹੁੰਦਾ ਸੀ ਤੇ ਇਸ ਸਬੰਧੀ ਉਸ ਨੇ ਇੰਟਰਨੈੱਟ ’ਤੇ ਭਾਲ ਕੀਤੀ। ਭਾਲ ਦੌਰਾਨ ਉਸ ਨੂੰ ਘੱਟ ਵਿਆਜ ਦਰ ਤੇ ਆਸਾਨ ਕਿਸ਼ਤਾਂ ਵਾਲਾ ਇਕ ਦਿਲਖਿੱਚਵਾਂ ਆਫਰ ਮਿਲਿਆ। ਜਿਵੇਂ ਹੀ ਉਸ ਨੇ ਲਿੰਕ ’ਤੇ ਕਲਿਕ ਕੀਤਾ, ਠੱਗਾਂ ਨੇ ਉਸ ਨੂੰ ਆਪਣੇ ਨੈੱਟਵਰਕ ’ਚ ਫਸਾ ਲਿਆ ਤੇ ਕੁਝ ਹੀ ਸਮੇਂ ’ਚ ਉਸ ਦੇ ਖਾਤੇ ਤੋਂ 22 ਹਜ਼ਾਰ ਰੁਪਏ ਕੱਢ ਲਏ। ਇਹ ਕੋਈ ਇਕੱਲਾ ਮਾਮਲਾ ਨਹੀਂ ਹੈ। ਸ਼ਹਿਰ ’ਚ ਹਰ ਦੂਜੇ ਦਿਨ ਸਾਈਬਰ ਥਾਣੇ ’ਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਜਿੱਥੇ ਲੋਕ ਸਸਤੇ ਕਰਜ਼ੇ, ਕ੍ਰੈਡਿਟ ਕਾਰਡ ਜਾਂ ਫਾਇਨਾਂਸ ਆਫਰਾਂ ਦੇ ਨਾਂ 'ਤੇ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਸਿਰਫ ਸਸਤੇ ਕਰਜ਼ੇ ਹੀ ਨਹੀਂ, ਇਲੈਕਟ੍ਰਾਨਿਕ ਸਾਮਾਨ, ਵਾਹਨ ਸਮੇਤ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਘੱਟ ਵਿਆਜ ਦਰ ਤੇ ਛੋਟੀ ਕਿਸ਼ਤਾਂ ਦੇ ਲਾਲਚ ’ਚ ਲੋਕਾਂ ਫਸ ਰਹੇ ਹਨ। ਪੁਲਿਸ ਵੱਲੋਂ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਲੋਕ ਸਾਈਬਰ ਠੱਗਾਂ ਦੇ ਨੈੱਟਵਰਕ ’ਚ ਫਸ ਰਹੇ ਹਨ।
---
ਕਿਉਂ ਵਧ ਰਹੇ ਹਨ ਅਜਿਹੇ ਮਾਮਲੇ?
ਸਾਈਬਰ ਸੁਰੱਖਿਆ ਦੇ ਮਾਹਿਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਡਿਜੀਟਲ ਯੁੱਗ ’ਚ ਲੋਕ ਤੇਜ਼ੀ ਨਾਲ ਆਨਲਾਈਨ ਸੇਵਾਵਾਂ ’ਤੇ ਨਿਰਭਰ ਹੋ ਗਏ ਹਨ। ਬੈਂਕ ਤੇ ਫਾਇਨਾਂਸ ਕੰਪਨੀਆਂ ਵੱਲੋਂ ਵੀ ਡਿਜੀਟਲ ਕਰਜ਼ੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦਾ ਫਾਇਦਾ ਉਠਾ ਕੇ ਸਾਈਬਰ ਠੱਗ ਨਕਲੀ ਵੈੱਬਸਾਈਟਾਂ, ਫ਼ਰਜ਼ੀ ਐਪ ਤੇ ਭਰਮਾਊ ਲਿੰਕ ਬਣਾ ਕੇ ਲੋਕਾਂ ਨੂੰ ਆਪਣੇ ਨੈੱਟਵਰਕ ’ਚ ਫਸਾ ਲੈਂਦੇ ਹਨ। ਘੱਟ ਵਿਆਜ, ਫੌਰੀ ਕਰਜ਼ਾ ਤੇ ਬਿਨਾਂ ਕਾਗਜ਼ੀ ਕਾਰਵਾਈ ਵਾਲੇ ਆਫਰ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਜ਼ਰੂਰਤਮੰਦ ਕਾਹਲੀ ’ਚ ਇਨ੍ਹਾਂ ਆਫਰਾਂ ਦੀ ਸੱਚਾਈ ਜਾਂਚੇ ਬਿਨਾਂ ਕਲਿੱਕ ਕਰ ਦਿੰਦਾ ਹੈ, ਜੋ ਠੱਗੀ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰ ਮੋਬਾਈਲ 'ਚ ਐਪ ਡਾਊਨਲੋਡ ਕਰਵਾ ਕੇ ਉਸ ’ਚ ਮੈਲਵੇਅਰ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਫੋਨ ਦਾ ਪੂਰਾ ਡੇਟਾ ਠੱਗਾਂ ਤੱਕ ਪੁੱਜ ਜਾਂਦਾ ਹੈ।
---
ਕਿਵੇਂ ਹੁੰਦੀ ਹੈ ਸਾਈਬਰ ਠੱਗੀ?
1. ਫਰਜੀ ਵੈਬਸਾਈਟ ਜਾਂ ਲਿੰਕ : ਠੱਗ ਅਸਲੀ ਬੈਂਕ ਵਰਗੀਆਂ ਵੈਬਸਾਈਟਾਂ ਬਣਾਉਂਦੇ ਹਨ।
2. ਦਿਲਖਿੱਚਵੀਆਂ ਪੇਸ਼ਕਸ਼ਾਂ : 5 ਮਿੰਟ ’ਚ ਕਰਜ਼ਾ, 0% ਵਿਆਜ, ਨੋ ਡਾਕੂਮੈਂਟ ਵਰਗੇ ਝਾਂਸੇ ਦਿੱਤੇ ਜਾਂਦੇ ਹਨ।
3. ਵੇਰਵੇ ਦੀ ਮੰਗ : ਖਪਤਕਾਰਾ ਤੋਂ ਬੈਂਕ ਵੇਰਵੇ, ਓਟੀਪੀ ਜਾਂ ਕਾਰਡ ਜਾਣਕਾਰੀ ਲਈ ਜਾਂਦੀ ਹੈ।
4. ਖਾਤੇ ’ਚੋਂ ਰਕਮ ਸਾਫ਼ : ਜਾਣਕਾਰੀ ਮਿਲਦਿਆਂ ਹੀ ਠੱਗ ਤੁਰੰਤ ਪੈਸੇ ਕੱਢ ਲੈਂਦੇ ਹਨ।
--
ਕਿਵੇਂ ਫਸਦੇ ਹਨ ਲੋਕ
-ਜਲਦੀ ਪੈਸੇ ਦੀ ਜ਼ਰੂਰਤ ਹੋਣ ’ਤੇ ਬਿਨਾਂ ਜਾਂਚੇ ਲਿੰਕ 'ਤੇ ਕਲਿੱਕ ਕਰਨਾ
-ਅਣਜਾਣ ਕਾਲ ਜਾਂ ਮੈਸੇਜ ’ਤੇ ਭਰੋਸਾ ਕਰਨਾ
-ਫ਼ਰਜੀ ਐਪ ਡਾਊਨਲੋਡ ਕਰਨਾ
-ਓਟੀਪੀ ਜਾਂ ਬੈਂਕ ਵੇਰਵੇ ਸਾਂਝੇ ਕਰਨਾ
---
ਕੇਸ ਸਟੱਡੀ 1
ਜਲੰਧਰ ਦੇ ਇਕ ਵਿਦਿਆਰਥੀ ਨੇ ਹਾਇਰ ਸਟੱਡੀ ਲਈ 3 ਲੱਖ ਰੁਪਏ ਦੇ ਕਰਜ਼ੇ ਲਈ ਆਨਲਾਈਨ ਸਰਚ ਕੀਤੀ। ਕਈ ਤਰ੍ਹਾਂ ਦੇ ਕਰਜ਼ੇ ਦੇਣ ਵਾਲੇ ਇੰਟਰਨੈੱਟ ’ਤੇ ਮਿਲੇ। ਉਸ ਨੇ ਇਕ ਐਪ ਰਾਹੀਂ ਕਰਜ਼ੇ ਲਈ ਅਰਜ਼ੀ ਦਿੱਤੀ। ਉਸ ਨੂੰ ਸੁਨੇਹੇ ਆਉਣ ਲੱਗੇ ਕਿ ਲੋਨ ਲਈ ਕਈ ਤਰ੍ਹਾਂ ਦੇ ਪੇਪਰ ਲੱਗਦੇ ਹਨ। ਉਸ ਨੂੰ ਇਕ ਲਿੰਕ ਭੇਜਿਆ ਗਿਆ ਜਿਸ ’ਤੇ ਕਲਿੱਕ ਕਰਕੇ ਕਰਜ਼ਾ ਮਿਲਣ ਦੀ ਗੱਲ ਕੀਤੀ ਗਈ। ਲਿੰਕ ਖੋਲ੍ਹਦਿਆਂ ਹੀ ਖਾਤੇ ’ਚੋਂ 10 ਹਜ਼ਾਰ ਰੁਪਏ ਨਿਕਲ ਗਏ। ਮਾਮਲਾ ਸਾਈਬਰ ਥਾਣੇ ’ਚ ਦਰਜ ਹੈ।
ਕੇਸ ਸਟੱਡੀ 2
ਮਹਿਤਪੁਰ ’ਚ ਇਕ ਮਹਿਲਾ ਦੁਕਾਨਦਾਰ ਨੂੰ ਵ੍ਹਟਸਐਪ 'ਤੇ ਕਰਜ਼ੇ ਆਫਰ ਦਾ ਸੁਨੇਹਾ ਮਿਲਿਆ। ਸੁਨੇਹਾ ਮਿਲਦਿਆਂ ਹੀ ਇਕ ਲਿੰਕ ਆਇਆ ਤੇ ਲਿੰਕ ਖੋਲ੍ਹਦਿਆਂ ਹੀ ਉਸ ਦਾ ਫੋਨ ਹੈਕ ਹੋ ਗਿਆ ਤੇ ਖਾਤੇ ’ਚੋਂ 18 ਹਜ਼ਾਰ ਰੁਪਏ ਨਿਕਲ ਗਏ।
ਕੇਸ ਸਟੱਡੀ 3
ਕੱਪੜੇ ਦੇ ਕੰਮ ਨੂੰ ਵਧਾਉਣ ਲਈ ਇਕ ਦੁਕਾਨਦਾਰ ਨੇ ਕਰਜ਼ੇ ਲਈ ਇੰਟਰਨੈੱਟ 'ਤੇ ਭਾਲ ਕੀਤੀ। ਕਈ ਜਗ੍ਹਾਂ 'ਤੇ ਅਰਜ਼ੀ ਵੀ ਦਿੱਤੀ। ਉਸ ਨੂੰ ਇਕ ਕਾਲ ਆਈ ਕਿ ਉਸ ਦਾ ਕਰਜ਼ਾ ਪਾਸ ਹੋ ਗਿਆ ਹੈ। ਉਸ ਤੋਂ ਕੇਵਾਈਸੀ ਦੇ ਨਾਂ 'ਤੇ ਓਟੀਪੀ ਮੰਗਿਆ ਗਿਆ। ਓਟੀਪੀ ਸਾਂਝਾ ਕਰਦਿਆਂ ਹੀ 30 ਹਜ਼ਾਰ ਰੁਪਏ ਟ੍ਰਾਂਸਫਰ ਹੋ ਗਏ।
---
ਬਚਾਅ ਦੇ ਉਪਾਅ
-ਸਿਰਫ ਅਧਿਕਾਰਿਤ ਬੈਂਕ ਵੈੱਬਸਾਈਟ ਜਾਂ ਐਪ ਦਾ ਹੀ ਵਰਤੋਂ ਕਰੋ
-ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ
-ਓਟੀਪੀ, ਪਾਸਵਰਡ ਜਾਂ ਬੈਂਕ ਵੇਰਵੇ ਕਿਸੇ ਨਾਲ ਸਾਂਝੇ ਨਾ ਕਰੋ
-ਗੂਗਲ ਪਲੇ ਸਟੋਰ/ਐਪਲ ਸਟੋਰ ਤੋਂ ਇਲਾਵਾ ਕਿਸੇ ਹੋਰ ਤੋਂ ਐਪ ਡਾਊਨਲੋਡ ਨਾ ਕਰੋ
-ਕਰਜ਼ਾ ਲੈਣ ਤੋਂ ਪਹਿਲਾਂ ਕੰਪਨੀ ਦੀ ਸੱਚਾਈ ਜਾਂਚੋ
-ਸ਼ੱਕੀ ਕਾਲਾਂ ਜਾਂ ਸੁਨੇਹਿਆਂ ਤੋਂ ਸਾਵਧਾਨ ਰਹੋ
---
ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ
ਜੇ ਕਿਸੇ ਨਾਲ ਸਾਈਬਰ ਠੱਗੀ ਹੁੰਦੀ ਹੈ ਤਾਂ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 'ਤੇ ਸੰਪਰਕ ਕਰੋ ਜਾਂ ਨੇੜਲੇ ਸਾਈਬਰ ਥਾਣੇ ਵਿਚ ਸ਼ਿਕਾਇਤ ਦਰਜ ਕਰੋ। ਸਾਈਬਰ ਅਪਰਾਧੀ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ, ਇਸ ਲਈ ਲੋਕਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਥੋੜੀ ਜਿਹੀ ਸਾਵਧਾਨੀ ਤੁਹਾਨੂੰ ਵੱਡੇ ਆਰਥਿਕ ਨੁਕਸਾਨ ਤੋਂ ਬਚਾ ਸਕਦੀ ਹੈ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ