ਖਿਡੌਣੇ ਨੂੰ ਅਸਲੀ ਪਿਸਤੌਲ ਸਮਝ ਕੇ ਨੌਜਵਾਨ ਨੂੰ ਫੜਿਆ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Fri, 13 Mar 2026 10:29 PM (IST)
Updated Date: Fri, 13 Mar 2026 10:30 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਅਧੀਨ ਆਉਂਦੇ ਆਨੰਦ ਨਗਰ ਮਕਸੂਦਾਂ ’ਚ ਦੇਰ ਸ਼ਾਮ ਬਿਨਾਂ ਨੰਬਰੀ ਸਕੂਟਰ ਸਵਾਰ ਇਕ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਨਜ਼ਦੀਕ ਸਥਿਤ ਫੌਜ ਦੇ ਅਧਿਕਾਰੀਆਂ ਵੱਲੋਂ ਸਹਾਇਤਾ ਕੀਤੀ ਗਈ ਤਾਂ ਉਸ ਕੋਲੋਂ ਦੋ ਰਿਵਾਲਵਰ ਬਰਾਮਦ ਹੋਏ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਤੇ ਫੌਜ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਮੌਕੇ ’ਤੇ ਪੁੱਜੇ ਥਾਣਾ ਇਕ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨੂੰ ਕਾਬੂ ਕਰਕੇ ਥਾਣੇ ਲਿਜਾਇਆ ਗਿਆ। ਆਰਜ਼ੀ ਤੌਰ ’ਤੇ ਥਾਣਾ ਮੁਖੀ ਦੀ ਸੇਵਾ ਨਿਭਾਅ ਰਹੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਨੌਜਵਾਨ ਆਨੰਦਪੁਰ ਸਾਹਿਬ ਦੇ ਮੇਲੇ ਤੋਂ ਵਾਪਸ ਆ ਰਿਹਾ ਸੀ, ਜਿੱਥੋਂ ਉਸ ਨੇ ਇਹ ਦੋ ਰਿਵਾਲਵਰ ਖਰੀਦੇ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਖਿਡੌਣਾ ਪਿਸਤੌਲ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਦੇਖਣ ’ਚ ਬਿਲਕੁਲ ਅਸਲੀ ਲੱਗਦੇ ਹਨ। ਸੁਰਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਵਾਰਸਾਂ ਨੂੰ ਥਾਣੇ ’ਚ ਬੁਲਾ ਕੇ ਨੌਜਵਾਨ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।