ਚੋਰੀ ਦੇ ਦੋਸ਼ ਹੇਠ ਨੌਜਵਾਨ ਦਾ ਚਾੜ੍ਹਿਆ ਕੁਟਾਪਾ
ਐਕਟਿਵਾ ਚੋਰੀ ਕਰਨ ’ਤੇ ਖੋਖੇ ’ਚੋਂ ਚੋਰੀ ਕਰਨ ਦੇ ਦੋਸ਼ ਹੇਠ ਨੌਜਵਾਨ ਦਾ ਚਾੜ੍ਹਿਆ ਕੁਟਾਪਾ
Publish Date: Tue, 10 Feb 2026 07:59 PM (IST)
Updated Date: Tue, 10 Feb 2026 08:02 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਦੇ ਪੁਲ ਹੇਠ ਤਿੰਨ ਦਿਨ ਪਹਿਲਾਂ ਚੋਰਾਂ ਵੱਲੋਂ ਇਕ ਹੀ ਵਿਅਕਤੀ ਦੀ ਐਕਟਿਵਾ ਚੋਰੀ ਕਰਨ ਤੋਂ ਬਾਅਦ ਬੀਤੇ ਦਿਨੀਂ ਉਸਦੇ ਖੋਖੇ ’ਚੋਂ ਚੋਰੀ ਹੋਣ ਉਪਰੰਤ ਅੱਜ ਪੀੜਤ ਵਿਅਕਤੀ ਵੱਲੋਂ ਚੋਰੀ ਕਰਨ ਦੇ ਦੋਸ਼ ਹੇਠ ਨੌਜਵਾਨ ਨੂੰ ਕਾਬੂ ਕਰਕੇ ਇਕੱਤਰ ਭੀੜ ਵੱਲੋਂ ਕੁਟਾਪਾ ਚਾੜ੍ਹਿਆ ਗਿਆ। ਪੀੜਤ ਸੋਮਨਾਥ ਨੇ ਦੱਸਿਆ ਕਿ ਉਸ ਦੇ ਖੋਖੇ ਨੂੰ ਚੋਰਾਂ ਵੱਲੋਂ ਛੇਵੀਂ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਉਸਨੇ ਸਟੀਲ ਦੀ ਰੇਹੜੀ 1.20 ਲੱਖ ਰੁਪਏ ਦੀ ਬਣਵਾਈ ਸੀ, ਜਿਸ ਨੂੰ ਭਾਨੂ ਤੇ ਕਾਨੂ ਨਾਮ ਦੇ ਵਿਅਕਤੀ ਚੋਰੀ ਕਰਕੇ ਲੈ ਗਏ ਸਨ। ਚੋਰ ਉਸਦੇ ਖੋਖੇ ’ਚੋਂ ਸਿਗਰਟ, ਬੀੜੀਆਂ, ਪੀਣ ਵਾਲੀਆਂ ਬੋਤਲਾਂ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਸੀ। ਜਿਸ ਨਾਲ 20 ਤੋਂ 25 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਉਸਦਾ ਕਹਿਣਾ ਹੈ ਕਿ ਤਿੰਨ ਦਿਨ ਪਹਿਲਾਂ ਵੀ ਉਸ ਦੇ ਖੋਖੇ ਦੇ ਨਜ਼ਦੀਕ ਖੜ੍ਹੀ ਐਕਟਿਵਾ ਵੀ ਚੋਰੀ ਹੋ ਗਈ ਸੀ। ਕੁਟਾਪਾ ਚੜ੍ਹਦਿਆਂ ਵੇਖ ਕੇ ਨੌਜਵਾਨ ਨੇ ਮੰਨਿਆ ਕਿ ਉਹ ਪਹਿਲਾਂ ਲੁੱਟਾਂ-ਖੋਹਾਂ ਕਰਦਾ ਸੀ। ----------------------- ਦੋਵੇਂ ਪੁੱਤਰ ਕਰਦੇ ਨੇ ਨਸ਼ਾ ਮੌਕੇ ’ਤੇ ਕੁਟਾਪਾ ਚੜ੍ਹਦਿਆਂ ਵੇਖ ਕੇ ਆਪਣੇ ਪੁੱਤਰ ਨੂੰ ਬਚਾਉਣ ਪੁੱਜੀ ਉਸ ਦੀ ਮਾਂ ਵੱਲੋਂ ਲੋਕਾਂ ਕੋਲੋਂ ਗੁਹਾਰ ਲਾਈ ਗਈ ਕਿ ਉਸ ਦੇ ਦੋਵੇਂ ਪੁੱਤਰ ਨਸ਼ੇ ਕਰਦੇ ਹਨ ਤੇ ਉਹ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਲਈ ਚੋਰੀਆਂ ਕਰਦੇ ਹਨ। ਔਰਤ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਹੀ ਉਸਦੇ ਪੁੱਤਰ ਨਸ਼ੇ ਦੇ ਟੀਕੇ ਲਗਾਉਂਦੇ ਹਨ ਤੇ ਉਹ ਕਈ ਵਾਰ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ’ਚ ਭਰਤੀ ਕਰਵਾ ਚੁੱਕੀ ਹੈ ਪਰ ਹੁਣ ਉਹ ਬੇਵੱਸ ਹੈ। ਇਸ ਸਬੰਧੀ ਥਾਣਾ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਲੋਕਾਂ ਵੱਲੋਂ ਕਾਬੂ ਕਰਵਾਏ ਗਏ ਨੌਜਵਾਨ ਵਿਰੁੱਧ ਧਾਰਾ 110 ਤਹਿਤ ਕਾਰਵਾਈ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਹੈ।