ਰੰਜਿਸ਼ਨ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਪੁਰਾਣੀ ਦੁਸ਼ਮਣੀ ਤਹਿਤ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Publish Date: Thu, 16 Apr 2026 10:00 PM (IST)
Updated Date: Thu, 16 Apr 2026 10:03 PM (IST)

--ਪੁਲਿਸ ਨੇ ਜਾਂਚ ਸ਼ੁਰੂ ਕੀਤੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮਹਾਂਨਗਰ ’ਚ ਦੋ ਧੜਿਆਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਝਗੜਾ ਅਚਾਨਕ ਹਿੰਸਕ ਝੜਪ ’ਚ ਬਦਲ ਗਿਆ, ਜਿਸ ਦੌਰਾਨ ਇਕ ਨੌਜਵਾਨ ਤੇ ਕਥਿਤ ਤੌਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੀੜਤ ਪਰਿਵਾਰ ਅਨੁਸਾਰ ਹਮਲਾਵਰ ਪਹਿਲਾਂ ਹੀ ਉਨ੍ਹਾਂ ਦੇ ਘਰ ਦੇ ਬਾਹਰ ਘਾਤ ਲਗਾ ਕੇ ਬੈਠੇ ਸਨ। ਜਿਵੇਂ ਹੀ ਉਨ੍ਹਾਂ ਦਾ ਪੁੱਤਰ ਘਰੋਂ ਬਾਹਰ ਨਿਕਲਿਆ ਇਕ ਕਾਲੇ ਰੰਗ ਦੀ ਕਾਰ ’ਚ ਆਏ ਕਈ ਨੌਜਵਾਨ ਉਤਰ ਕੇ ਆਏ ਤੇ ਹਮਲਾ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰ ਘਾਤਕ ਹਥਿਆਰਾਂ ਨਾਲ ਲੈਸ ਸਨ, ਜਿਨ੍ਹਾਂ ’ਚ ਕਿਰਪਾਨ ਤੇ ਪਿਸਤੌਲ ਸ਼ਾਮਲ ਸਨ। ਹਮਲੇ ਦੌਰਾਨ ਨੌਜਵਾਨ ਦੀ ਮਾਂ ਤੇ ਹੋਰ ਰਿਸ਼ਤੇਦਾਰ ਜੋ ਉਸਦੀ ਮਦਦ ਲਈ ਪਹੁੰਚੇ, ਨਾਲ ਵੀ ਧੱਕਾ-ਮੁੱਕੀ ਕੀਤੀ। ਪੀੜਤ ਦੀ ਮਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਪੁੱਤਰ ਦੀ ਬਾਂਹ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਨਾਲ ਗੰਭੀਰ ਸੱਟਾਂ ਲੱਗੀਆਂ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਘਟਨਾ ਨਾਲ ਸਬੰਧਤ ਵੀਡੀਓ ਸਬੂਤ ਪੁਲਿਸ ਨੂੰ ਸੌਂਪੇ ਹਨ, ਹਾਲਾਂਕਿ ਉਨ੍ਹਾਂ ਦਾ ਦੋਸ਼ ਹੈ ਕਿ ਮੁਲਜ਼ਮਾਂ ਵਿਰੁੱਧ ਹੁਣ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਟੀਮ ਤੁਰੰਤ ਘਟਨਾ ਸਥਾਨ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਅਨੁਸਾਰ ਕੰਟਰੋਲ ਰੂਮ ਤੋਂ ਝਗੜੇ ਦੀ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ’ਚ ਆ ਗਈ। ਜ਼ਖਮੀ ਨੌਜਵਾਨ ਇਸ ਸਮੇਂ ਹਸਪਤਾਲ ’ਚ ਇਲਾਜ ਅਧੀਨ ਹੈ ਤੇ ਵਿਰੋਧੀ ਧਿਰ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਆਪਸੀ ਝਗੜੇ ਦਾ ਨਤੀਜਾ ਜਾਪਦਾ ਹੈ। ਸੀਸੀਟੀਵੀ ਫੁਟੇਜ ਤੇ ਵਾਇਰਲ ਵੀਡੀਓ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੇ ਤੱਥਾਂ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।