ਹੈਰੋਇਨ ਸਮੇਤ ਨੌਜਵਾਨ ਕਾਬੂ
ਹੈਰੋਇਨ ਸਮੇਤ ਨੌਜਵਾਨ ਕਾਬੂ
Publish Date: Sat, 14 Feb 2026 06:37 PM (IST)
Updated Date: Sun, 15 Feb 2026 04:09 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਏਐੱਸਆਈ ਲਖਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕੋਟ ਸਦੀਕ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੈਦਲ ਆ ਰਹੇ ਇਕ ਨੌਜਵਾਨ ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਇਕਦਮ ਆਉਂਦਾ ਰੁਕ ਗਿਆ। ਇਸ ਤੋਂ ਬਾਅਦ ਉਹ ਤੇਜ਼ ਕਦਮਾਂ ਨਾਲ ਪਿੱਛੇ ਦੀ ਮੁੜ ਪਿਆ। ਸ਼ੱਕ ਪੈਣ ’ਤੇ ੲਐੱਸਆਈ ਲਖਵੀਰ ਸਿੰਘ ਨੇ ਉਸ ਨੂੰ ਰੋਕ ਕੇ ਜਦ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਹਰਿੰਦਰ ਕੁਮਾਰ ਵਾਸੀ ਸੰਤ ਨਗਰ ਬਸਤੀ ਸ਼ੇਖ ਦੱਸਿਆ। ਜਦ ਉਸ ਕੋਲੋਂ ਪਿੱਛੇ ਮੁੜਨ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕਿਆ। ਜਦ ਪੁਲਿਸ ਪਾਰਟੀ ਨੇ ਉਸਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ ਪਲਾਸਟਿਕ ਦੇ ਲਿਫਾਫੇ ’ਚੋਂ ਹੈਰੋਇਨ ਮਿਲੀ, ਜਿਸਦਾ ਤੋਲ ਕਰਨ ’ਤੇ ਉਹ 9.53 ਗ੍ਰਾਮ ਨਿਕਲੀ। ਜਿਸ ’ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।