ਹੈਰੋਇਨ ਸਮੇਤ ਨੌਜਵਾਨ ਚੜਿਆ ਪੁਲਿਸ ਦੇ ਹੱਥੇ
9 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਚੜਿਆ ਪੁਲਿਸ ਦੇ ਹੱਥੇ
Publish Date: Sun, 08 Feb 2026 06:37 PM (IST)
Updated Date: Sun, 08 Feb 2026 06:38 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਭਾਰਗੋ ਕੈਂਪ ਦੇ ਏਐੱਸਆਈ ਗੁਲਜ਼ਾਰ ਸਿੰਘ ਪੁਲਿਸ ਪਾਰਟੀ ਸਮੇਤ ਰਾਜ ਇਨਕਲੇਵ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸੜਕ ਕੰਡੇ ਖੜ੍ਹੇ ਇੱਕ ਨੌਜਵਾਨ ਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਕਦਮ ਘਬਰਾ ਗਿਆ ਤੇ ਮੌਕੇ ਤੋਂ ਖਿਸਕਣ ਲੱਗਾ। ਸ਼ੱਕ ਪੈਣ ’ਤੇ ਏਐੱਸਆਈ ਗੁਲਜ਼ਾਰ ਸਿੰਘ ਨੇ ਉਸ ਨੂੰ ਰੋਕ ਕੇ ਜਦੋਂ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਅਮਰੀਕ ਚੰਦ ਵਾਸੀ ਪਿੰਡ ਵਡਾਲਾ ਜਲੰਧਰ ਦੱਸਿਆ। ਜਦੋਂ ਉਸ ਕੋਲੋਂ ਮੌਕੇ ਤੋਂ ਖਿਸਕਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕਿਆ। ਸ਼ੱਕ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ ਇੱਕ ਮੋਮੀ ਲਿਫਾਫੇ ’ਚ ਹੈਰੋਇਨ ਬਰਾਮਦ ਹੋਈ, ਜਿਸ ਦਾ ਤੋਲ ਕਰਨ ’ਤੇ ਉਹ 9 ਗ੍ਰਾਮ ਨਿਕਲੀ। ਜਿਸ ਤੋਂ ਬਾਅਦ ਪੁਲਿਸ ਨੇ ਅਮਰੀਕ ਚੰਦ ਨੂੰ ਗ੍ਰਿਫ਼ਤਾਰ ਕਰ ਲਿਆ। ਏਐੱਸਆਈ ਗੁਲਜਾਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।