ਕਾਰ ਨਾਲ ਟੱਕਰ ’ਚ ਬਾਈਕ ਸਵਾਰ ਨੌਜਵਾਨ ਦੀ ਮੌਤ
-ਕਾਲਾ ਸੰਘਿਆ ਰੋਡ ’ਤੇ
Publish Date: Fri, 13 Mar 2026 11:07 PM (IST)
Updated Date: Fri, 13 Mar 2026 11:09 PM (IST)
-ਕਾਲਾ ਸੰਘਿਆ ਰੋਡ ’ਤੇ ਦੇਰ ਰਾਤ ਹਾਦਸ
-ਲੋਕਾਂ ਨੇ ਭੱਜ ਰਹੇ ਕਾਰ ਚਾਲਕ ਨੂੰ ਕੀਤਾ ਕਾਬੂ
ਜਾਗਰਣ ਸੰਵਾਦਦਾਤਾ, ਜਲੰਧਰ : ਕਾਲਾ ਸੰਘਿਆ ਰੋਡ ਨੇੜੇ ਦੇਰ ਰਾਤ ਇਕ ਦਰਦਨਾਕ ਸੜਕ ਹਾਦਸੇ ’ਚ ਤੇਜ਼ ਰਫ਼ਤਾਰ ਸਫਾਰੀ ਗੱਡੀ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ। ਚਸ਼ਮਦੀਦਾਂ ਨੇ ਦੱਸਿਆ ਕਿ ਟੱਕਰ ਮਾਰਨ ਮਗਰੋਂ ਸਫਾਰੀ ਕਾਰ ਦਾ ਚਾਲਕ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਹਾਲਾਂਕਿ, ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਚੌਕਸੀ ਦਿਖਾਉਂਦਿਆਂ ਉਸ ਨੂੰ ਫੜ ਲਿਆ ਤੇ ਪੁਲਿਸ ਦੇ ਆਉਣ ਤੱਕ ਕਬਜ਼ੇ ਵਿਚ ਰੱਖਿਆ। ਹਾਦਸੇ ਮਗਰੋਂ ਮੌਕੇ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਪਰ ਸ਼ੁਰੂਆਤ ’ਚ ਇਕ ਅਜੀਬ ਸਥਿਤੀ ਪੈਦਾ ਹੋ ਗਈ। ਦਰਅਸਲ, ਜਿਸ ਥਾਂ ’ਤੇ ਹਾਦਸਾ ਵਾਪਰਿਆ ਉਹ ਖੇਤਰ ਥਾਣਾ ਡਵੀਜ਼ਨ ਨੰਬਰ 5 ਤੇ ਥਾਣਾ ਭਾਰਗੋ ਕੈਂਪ ਦੀ ਹੱਦ ’ਚ ਆਉਂਦਾ ਹੈ। ਹਾਲਾਂਕਿ, ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਭਾਰਗੋ ਕੈਂਪ ਦੇ ਡਿਊਟੀ ਅਫਸਰ ਨੇ ਤੁਰੰਤ ਮੋਰਚਾ ਸੰਭਾਲਿਆ। ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਹਾਲਾਤ ਨੂੰ ਕਾਬੂ ’ਚ ਕੀਤਾ ਤੇ ਸਫਾਰੀ ਚਾਲਕ ਨੂੰ ਹਿਰਾਸਤ ’ਚ ਲੈ ਕੇ ਥਾਣੇ ਭੇਜ ਦਿੱਤਾ। ਪੂਰੀ ਘਟਨਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।