ਨੌਜਵਾਨ ਨਾਲ ਕੁੱਟਮਾਰ ਕਰਕੇ ਕਾਰ ’ਚ ਪਾ ਕੇ ਲੈ ਗਏ ਮੁਲਜ਼ਮ
ਜਲੰਧਰ ’ਚ ਸਰੇਆਮ ਨੌਜਵਾਨ ਦਾ ਅਪਹਰਨ, ਕੁੱਟਮਾਰ ਕਰ ਕਾਰ ’ਚ ਪਾ ਕੇ ਲੈ ਗਏ ਮੁਲਜ਼ਮ
Publish Date: Tue, 14 Apr 2026 11:13 PM (IST)
Updated Date: Tue, 14 Apr 2026 11:18 PM (IST)
-ਸੀਸੀਟੀਵੀ ਫੁਟੇਜ ’ਚ ਕੈਦ ਹੋਈ ਘਟਨਾ, ਮੋਗਾ ਤੋਂ ਇਕ ਮੁਲਜ਼ਮ ਗ੍ਰਿਫਤਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਂਬੜਾ ਨੇੜੇ ਦਿਨ-ਦਿਹਾੜੇ ਇਕ ਨੌਜਵਾਨ ਨੂੰ ਅਗਵਾ ਕਰ ਲਿਆ ਗਿਆ। ਇਹ ਘਟਨਾ ਚਿੱਟੀ ਮੋੜ ਕੋਲ ਵਾਪਰੀ, ਜਿੱਥੇ ਬਦਮਾਸ਼ਾਂ ਨੇ ਨੌਜਵਾਨ ਨਾਲ ਕੁੱਟਮਾਰ ਕਰ ਕੇ ਉਸਨੂੰ ਜਬਰਦਸਤੀ ਕਾਰ ’ਚ ਬਿਠਾ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਘਟਨਾ ਸਮੇਂ ਇਕ ਨੌਜਵਾਨ ਤੇ ਇਕ ਔਰਤ ਸੜਕ ਕੰਢੇ ਖੜ੍ਹੀ ਸੀ। ਇਸ ਦੌਰਾਨ ਇਕ ਪਜ਼ੈਰੋ ਗੱਡੀ ਉੱਥੇ ਆ ਕੇ ਰੁਕੀ, ਜਿਸ ’ਚ ਚਾਰ ਤੋਂ ਪੰਜ ਨੌਜਵਾਨ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਪਹਿਲਾਂ ਨੌਜਵਾਨ 'ਤੇ ਹਮਲਾ ਕੀਤਾ ਤੇ ਫਿਰ ਜਬਰਦਸਤੀ ਉਸ ਨੂੰ ਗੱਡੀ ’ਚ ਪਾ ਕੇ ਮੌਕੇ ਤੋਂ ਫਰਾਰ ਹੋ ਗਏ। ਪੂਰੀ ਵਾਰਦਾਤ ਨੇੜਲੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ, ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ ’ਚ ਆ ਗਈ ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਦੌਰਾਨ ਪੁਲਿਸ ਨੇ ਮੰਗਲਵਾਰ ਸਵੇਰੇ ਮੋਗਾ ਤੋਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਬਾਕੀ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ ਤੇ ਅਗਵਾ ਕੀਤੇ ਨੌਜਵਾਨ ਨੂੰ ਸੁਰੱਖਿਅਤ ਬਰਾਮਦ ਕੀਤਾ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।