ਪ੍ਰਕਾਸ਼ ਉਤਸਵ ’ਤੇ ਵਾਰਾਨਸੀ ਲਈ ਹਰ ਮਹੀਨੇ ਚੱਲੇ ਯਾਤਰਾ ਟ੍ਰੇਨ : ਦੀਪਕ ਬਾਲੀ
ਕਿਹਾ- ਹਰ ਮਹੀਨੇ ਤੀਰਥ
Publish Date: Wed, 08 Apr 2026 10:09 PM (IST)
Updated Date: Wed, 08 Apr 2026 10:11 PM (IST)
ਕਿਹਾ- ਹਰ ਮਹੀਨੇ ਤੀਰਥ ਯਾਤਰਾ ਟ੍ਰੇਨ ਚਲਾਉਣ ਦੀ ਯੋਜਨਾ ਬਣਾ ਰਹੀ ਹੈ ‘ਆਪ’ ਸਰਕਾਰ, ਆਈਆਰਸੀਟੀਸੀ ਨੂੰ ਲਿਖਿਆ ਪੱਤਰ
ਜਾਸ, ਜਲੰਧਰ : ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਪੰਜਾਬ ਤੋਂ ਵਾਰਾਨਸੀ ਲਈ ਹਰ ਮਹੀਨੇ ਇਕ ਤੀਰਥ ਯਾਤਰਾ ਟ੍ਰੇਨ ਚਲਾਉਣ ਦਾ ਪ੍ਰਸਤਾਵ ਰੱਖਿਆ ਹੈ। ਪੰਜਾਬ ਸੱਭਿਆਚਾਰ ਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਚੰਡੀਗੜ੍ਹ ਨਾਲ ਸੰਪਰਕ ਕੀਤਾ ਹੈ। ਇਸ ਪ੍ਰਸਤਾਵ ਅਨੁਸਾਰ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਰ ਮਹੀਨੇ 1000 ਤੋਂ 1200 ਤੀਰਥ ਯਾਤਰੀ ਇਸ ਧਾਰਮਿਕ ਯਾਤਰਾ 'ਤੇ ਜਾਣਗੇ।
ਇਹ ਤੀਰਥ ਯਾਤਰਾ ਪੰਜਾਬ ’ਚ ਇਕ ਤੈਅ ਸਥਾਨ ਤੋਂ ਮਹੀਨੇ ’ਚ ਇਕ ਵਾਰ ਚਲਾਈ ਜਾਵੇਗੀ। ਅਪ੍ਰੈਲ ਤੋਂ ਨਵੰਬਰ ਤੱਕ ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਹੈ। ਇਸ ਲਈ ਇਕ ਖਾਸ ਟ੍ਰੇਨ ਦਾ ਪ੍ਰਬੰਧ ਕੀਤਾ ਜਾਵੇਗਾ। ਤੀਰਥ ਯਾਤਰਾ ਦੌਰਾਨ ਵਾਰਾਨਸੀ ’ਚ ਰਹਿਣ, ਖਾਣ-ਪੀਣ ਤੇ ਸਥਾਨਕ ਆਵਾਜਾਈ ਸਮੇਤ ਸਾਰੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ। ਬਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਈਆਰਸੀਟੀਸੀ ਨੂੰ ਬੇਨਤੀ ਕੀਤੀ ਹੈ ਕਿ ਇਸ ਪ੍ਰਸਤਾਵ 'ਤੇ ਜਲਦੀ ਪ੍ਰਤੀਕਿਰਿਆ ਦੇਣ ਤਾਂ ਜੋ ਆਪਸੀ ਸਹਿਮਤੀ ਨਾਲ ਇਕ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਜਾ ਸਕਣ। ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਵਾਰਾਨਸੀ ਲਈ ਨਿਯਮਿਤ ਯਾਤਰਾਵਾਂ ਕਰਵਾਉਣ ਦਾ ਫੈਸਲਾ ਖਾਸ ਹੈ। ਇਹ ਲੋਕਾਂ ਲਈ ਧਾਰਮਿਕ ਤੀਰਥ ਯਾਤਰਾਵਾਂ ਨੂੰ ਸੌਖਾ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।