ਐੱਲਕੇਸੀਟੀਸੀ ’ਚ ‘ਏਆਈ ਤੇ ਮਾਰਕੀਟਿੰਗ ’ਚ ਇਸਦੀ ਵਰਤੋਂ’ ’ਤੇ ਵਰਕਸ਼ਾਪ ਕਰਵਾਈ
ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ’ਚ “ਏਆਈ ਤੇ ਮਾਰਕੀਟਿੰਗ ’ਚ ਇਸਦੀ ਵਰਤੋਂ” ’ਤੇ ਵਰਕਸ਼ਾਪ ਕਰਵਾਈ
Publish Date: Thu, 15 Jan 2026 07:54 PM (IST)
Updated Date: Fri, 16 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਮੈਨੇਜਮੈਂਟ ਵਿਭਾਗ ਵੱਲੋਂ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈੱਲ ਦੇ ਸਹਿਯੋਗ ਨਾਲ ‘ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਾਰਕੀਟਿੰਗ ’ਚ ਇਸਦੀ ਵਰਤੋਂ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ। ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਮਾਰਕੀਟਿੰਗ ਖੇਤਰ ’ਚ ਉੱਭਰ ਰਹੀਆਂ ਤਕਨਾਲੋਜੀਆਂ ਬਾਰੇ ਜਾਣੂ ਕਰਵਾਉਣਾ ਸੀ। ਵਰਕਸ਼ਾਪ ਦੀ ਸ਼ੁਰੂਆਤ ਫੈਕਲਟੀ ਕੋ-ਆਰਡੀਨੇਟਰ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ’ਚ ਮਾਰਕੀਟਿੰਗ ਦੇ ਬਦਲਦੇ ਦ੍ਰਿਸ਼ ’ਚ ਏਆਈ ਦੀ ਵਧਦੀ ਭੂਮਿਕਾ ’ਤੇ ਰੌਸ਼ਨੀ ਪਾਈ ਗਈ। ਇਸ ਮੌਕੇ ਸਰੋਤ ਵਿਅਕਤੀ ਡਾ. ਰਿਸ਼ੀ ਰਾਜ ਸ਼ਰਮਾ, ਐਸੋਸੀਏਟ ਡੀਨ ਆਰਸੀ ਕੈਂਪਸ ਗੁਰਦਾਸਪੁਰ, ਨੇ ਏਆਈ ਦੇ ਮੁੱਢਲੇ ਸੰਕਲਪਾਂ ਜਿਵੇਂ ਮਸ਼ੀਨ ਲਰਨਿੰਗ, ਪ੍ਰਿਡਿਕਟਿਵ ਐਨਾਲਿਟਿਕਸ, ਨੈਚਰਲ ਲੈਂਗਵੇਜ ਪ੍ਰੋਸੈਸਿੰਗ ਤੇ ਆਟੋਮੇਸ਼ਨ ਟੂਲਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਤਕਨਾਲੋਜੀਆਂ ਗਾਹਕ ਸੰਪਰਕ, ਮਾਰਕੀਟ ਰਿਸਰਚ ਤੇ ਵਪਾਰਕ ਫੈਸਲਿਆਂ ਨੂੰ ਕਿਵੇਂ ਪ੍ਰਭਾਵਸ਼ਾਲੀ ਬਣਾ ਰਹੀਆਂ ਹਨ। ਡਾ. ਸ਼ਰਮਾ ਨੇ ਏਆਈ ਅਪਣਾਉਣ ਨਾਲ ਜੁੜੀਆਂ ਚੁਣੌਤੀਆਂ, ਜਿਵੇਂ ਡੇਟਾ ਗੋਪਨੀਯਤਾ, ਐਲਗੋਰਿਦਮਿਕ ਪੱਖਪਾਤ ਅਤੇ ਮਨੁੱਖੀ-ਮਸ਼ੀਨ ਸਹਿਯੋਗ ਦੀ ਲੋੜ, ’ਤੇ ਵੀ ਵਿਚਾਰ ਰੱਖੇ। ਇਸ ਮੌਕੇ ਸੁਖਬੀਰ ਸਿੰਘ ਚੱਠਾ (ਡਾਇਰੈਕਟਰ, ਏਏ ਕੇਸੀਐੱਲ ਗਰੁੱਪ) ਤੇ ਡਾ. ਆਰਐੱਸ ਦਿਓਲ (ਡਾਇਰੈਕਟਰ, ਐੱਲਕੇਸੀਟੀਸੀ) ਨੇ ਵਰਕਸ਼ਾਪ ਕਰਵਾਉਣ ਲਈ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਨੂੰ ਉਦਯੋਗਕ ਜ਼ਰੂਰਤਾਂ ਅਨੁਸਾਰ ਤਿਆਰ ਕਰਦੀਆਂ ਹਨ। ਡਾ. ਇੰਦਰਪਾਲ, ਡੀਨ ਖੋਜ ਤੇ ਪ੍ਰੀਖਿਆ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਏਆਈ-ਆਧਾਰਿਤ ਮਾਰਕੀਟਿੰਗ ਸੰਕਲਪਾਂ ਦੀ ਸਮਝ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ’ਚ ਮੁਕਾਬਲੇਯੋਗ ਬਣਾਉਂਦੀ ਹੈ ਤੇ ਉਨ੍ਹਾਂ ਦੇ ਸਮੁੱਚੇ ਪੇਸ਼ੇਵਰ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।