‘ਹਰ ਵਿਦਿਆਰਥੀ ਹੈ ਅਨੋਖਾ’ ਵਿਸ਼ੇ ’ਤੇ ਵਰਕਸ਼ਾਪ
‘ਹਰ ਵਿਦਿਆਰਥੀ ਹੈ ਅਨੋਖਾ’ ਵਿਸ਼ੇ ’ਤੇ ਅਧਿਆਪਕਾਂ ਲਈ ਵਰਕਸ਼ਾਪ ਕਰਵਾਈ
Publish Date: Sat, 14 Feb 2026 06:46 PM (IST)
Updated Date: Sat, 14 Feb 2026 06:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਰਸ਼ਨ ਅਕਾਦਮੀ ’ਚ ਅਧਿਆਪਕਾਂ ਲਈ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ। ਵਰਕਸ਼ਾਪ ਦਾ ਵਿਸ਼ਾ ਸੀ “ਡਿਫਰੈਂਸ਼ੀਏਟਿਡ ਲਰਨਿੰਗ : ਵਨ ਸਾਈਜ਼ ਡਜ਼ ਨਾਟ ਫਿਟ ਆਲ” (ਵਿਭਿੰਨ ਅਧਿਗਮ)। 60 ਮਿੰਟ ਦੀ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਇਹ ਸਮਝਾਉਣਾ ਸੀ ਕਿ ਉਹ ਕਿਵੇਂ ਕਲਾਸਰੂਮ ’ਚ ਵੱਖ-ਵੱਖ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਪਾਠ ਸਮੱਗਰੀ, ਪ੍ਰਕਿਰਿਆ ਤੇ ਉਤਪਾਦ ’ਚ ਭਿੰਨਤਾ ਲਿਆ ਸਕਦੇ ਹਨ। ਮਹਿੰਦਰਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਹਰ ਵਿਦਿਆਰਥੀ ਦੀ ਤਿਆਰੀ, ਰੁਚੀ, ਸਿੱਖਣ ਦੀ ਸ਼ੈਲੀ ਤੇ ਮਾਹੌਲ ਵੱਖਰਾ ਹੁੰਦਾ ਹੈ। ਹਰ ਵਿਦਿਆਰਥੀ ਨੂੰ ਸਿੱਖਣ ਦਾ ਸਮਾਨ ਮੌਕਾ ਮਿਲਦਾ ਹੈ, ਨਾ ਕਿ ਕੇਵਲ ਉੱਚ ਪ੍ਰਦਰਸ਼ਨ ਕਰਨ ਵਾਲਿਆਂ ਨੂੰ। ਉਨ੍ਹਾਂ ਨੇ ਸਮੱਗਰੀ ’ਚ ਭਿੰਨਤਾ ਲਈ ਇੱਕੋ ਵਿਸ਼ੇ ਨੂੰ ਵੱਖ-ਵੱਖ ਪੱਧਰਾਂ ਤੇ ਉਦਾਹਰਣਾਂ ਨਾਲ ਪੇਸ਼ ਕਰਨ ਦੀ ਗੱਲ ਕੀਤੀ। ਪ੍ਰਕਿਰਿਆ ’ਚ ਭਿੰਨਤਾ ਲਈ ਸਿਕਸ ਥਿੰਕਿੰਗ ਹੈਟਸ ਵਿਧੀ ਰਾਹੀਂ ਤੱਥਾਂ, ਭਾਵਨਾਵਾਂ, ਸਾਵਧਾਨੀ, ਲਾਭ, ਰਚਨਾਤਮਕਤਾ ਤੇ ਚਿੰਤਨ ਅਧਾਰਿਤ ਪ੍ਰਸ਼ਨ ਪੁੱਛਣ ’ਤੇ ਜ਼ੋਰ ਦਿੱਤਾ ਗਿਆ। ਉਤਪਾਦ ’ਚ ਭਿੰਨਤਾ ਤਹਿਤ ਵਿਦਿਆਰਥੀਆਂ ਨੂੰ ਆਪਣੀ ਸਮਝ ਕਲਾਕਾਰੀ, ਚਿੱਤਰਕਲਾ, ਲੇਖਨ, ਸੰਗੀਤ ਜਾਂ ਮਾਡਲ ਤਿਆਰ ਕਰਨ ਆਦਿ ਰਾਹੀਂ ਪ੍ਰਗਟ ਕਰਨ ਦੇ ਵਿਕਲਪ ਦੇਣ ਦੀ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਸਿੱਖਣ ਦੇ ਮਾਹੌਲ ਨੂੰ ਲਚਕੀਲਾ ਬਣਾਉਣ, ਸਮੂਹਿਕ ਤੇ ਵਿਅਕਤੀਗਤ ਕਾਰਜ ’ਚ ਸੰਤੁਲਨ ਬਣਾਈ ਰੱਖਣ ’ਤੇ ਵੀ ਜ਼ੋਰ ਦਿੱਤਾ ਗਿਆ। ਵਰਕਸ਼ਾਪ ਤੋਂ ਬਾਅਦ ਅਧਿਆਪਕਾਂ ਨੂੰ ਆਪਣੇ ਪਾਠਕ੍ਰਮ ’ਚੋਂ ਇਕ ਵਿਸ਼ਾ ਚੁਣ ਕੇ ਘੱਟੋ-ਘੱਟ 2-3 ਸਿਕਸ ਥਿੰਕਿੰਗ ਹੈਟਸ ਅਧਾਰਿਤ ਪ੍ਰਸ਼ਨ ਤਿਆਰ ਕਰਨ ਤੇ ਵਿਦਿਆਰਥੀਆਂ ਨੂੰ ਘੱਟੋ-ਘੱਟ ਦੋ ਉਤਪਾਦ ਵਿਕਲਪ ਦੇਣ ਲਈ ਪ੍ਰੇਰਿਤ ਕੀਤਾ ਗਿਆ। ਮਹਿੰਦਰਾ ਨੇ ਇਹ ਵੀ ਕਿਹਾ ਕਿ ਮੁਲਾਂਕਣ ’ਚ ਸਿਰਫ਼ ਸਮਾਨਤਾ ਨਹੀਂ, ਸਗੋਂ ਸਮਝ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲਿਆ ਤੇ ਆਪਣੇ ਸਿਖਲਾਈ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਵਰਕਸ਼ਾਪ ਦਾ ਮੁੱਖ ਸੰਦੇਸ਼ ਰਿਹਾ, ‘ਹਰ ਵਿਦਿਆਰਥੀ ਸਿੱਖ ਸਕਦਾ ਹੈ ਪਰ ਇਕੋ ਤਰੀਕੇ ਨਾਲ ਨਹੀਂ। ਵਿਕਲਪ, ਚੁਣੌਤੀ ਤੇ ਸਪਸ਼ਟਤਾ ਹੀ ਸਿੱਖਿਆ ਨੂੰ ਸਮਾਵੇਸ਼ੀ ਬਣਾਉਂਦੇ ਹਨ।’ ਇਸ ਮੌਕੇ ਦਰਸ਼ਨ ਅਕਾਦਮੀ ਦੀਆਂ ਦੋਹਾਂ ਸ਼ਾਖਾਵਾਂ ਦੇ ਅਧਿਆਪਕ ਤੇ ਪ੍ਰਿੰਸੀਪਲ ਹਾਜ਼ਰ ਸਨ।