ਬਦਸਲੂਕੀ ਖ਼ਿਲਾਫ਼ ਡੀਐੱਸਪੀ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ
ਡੀਐੱਸਪੀ ਦਫਤਰ ਸ਼ਾਹਕੋਟ ਦੇ ਬਾਹਰ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰ ਨਾਅਰੇਬਾਜੀ ਕਰਦੇ ਹੋਏ।
Publish Date: Mon, 02 Mar 2026 09:12 PM (IST)
Updated Date: Mon, 02 Mar 2026 09:13 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਪੁਲਿਸ ਸਟੇਸ਼ਨ ਦੇ ਇਕ ਏਐੱਸਆਈ ਵੱਲੋਂ ਕਥਿਤ ਤੌਰ ’ਤੇ ਮਜ਼ਦੂਰ ਔਰਤਾਂ ਨਾਲ ਕੀਤੀ ਬਦਸਲੂਕੀ ਦੇ ਵਿਰੋਧ ’ਚ ਪੇਂਡੂ ਮਜ਼ਦੂਰ ਯੂਨੀਅਨ ਨੇ ਡੀਐਸਪੀ ਦਫਤਰ ਅੱਗੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪੇਂਡੂ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਆਗੂ ਗੁਰਬਖਸ਼ ਕੌਰ ਸਾਦਿਕਪੁਰ ਨੇ ਦੱਸਿਆ ਕਿ ਪਿੰਡ ਫਾਜਿਲਵਾਲ ਵਿੱਚ ਕੁੱਤੇ ਦੇ ਵੱਢਣ ਦੇ ਇਕ ਮਾਮਲੇ ਵਿਚ ਏਐੱਸਆਈ ਸਰਵਨ ਸਿੰਘ ਨੇ ਹਰਪਾਲ ਸਿੰਘ ਪੁੱਤਰ ਕਿਸਨ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਸਬੰਧੀ ਜਦੋਂ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਤੇ ਹੋਰ ਔਰਤਾਂ ਥਾਣੇ ਪੁੱਜੀਆਂ ਤਾਂ ਉਥੇ ਮੌਜੂਦ ਏਐੱਸਆਈ ਸਰਵਨ ਸਿੰਘ ਨੇ ਔਰਤਾਂ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਬੇਇੱਜ਼ਤ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਅਕਸ਼ਰ ਹੀ ਗਰੀਬ ਮਜ਼ਦੂਰਾਂ ਨੂੰ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਨਾਲ ਧੱਕੇਸ਼ਾਹੀਆਂ ਕਰ ਰਹੇ ਹਨ। ਯੂਨੀਅਨ ਦੇ ਇਕ ਵਫ਼ਦ ਨੇ ਡੀਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਔਰਤਾਂ ਨਾਲ ਬਦਤਮੀਜ਼ੀ ਕਰਨ ਵਾਲੇ ਮੁਲਾਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਡੀਐੱਸਪੀ ਸੁਖਪਾਲ ਸਿੰਘ ਨੇ ਉਨ੍ਹਾਂ ਦੀ ਗੱਲ ਬੜੇ ਧੀਰਜ ਨਾਲ ਸੁਣੀ। ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਮੁਲਾਜ਼ਮ ਨੂੰ ਜਨਤਾ ਨਾਲ ਬਦਤਮੀਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾਵੇਗੀ। ਪਰ ਯੂਨੀਅਨ ਆਗੂ ਸੰਤੁਸ਼ਟ ਨਹੀਂ ਹੋਏ ਤੇ ਬਾਹਰ ਆ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਗੁਰਬਖਸ਼ ਕੌਰ ਨੇ ਕਿਹਾ ਕਿ ਜੇ ਉਕਤ ਏਐੱਸਆਈ ਨੇ ਜਨਤਕ ਤੌਰ ’ਤੇ ਮੁਆਫੀ ਨਾ ਮੰਗੀ ਤਾਂ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੂਰੇ ਇਲਾਕੇ ਦੇ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲਸੀਆਂ ਵੀ ਹਾਜ਼ਰ ਸਨ।