ਜੈਤੇਵਾਲੀ ਸੀਵਰੇਜ ਟ੍ਰੀਟਮੈਂਟ ਪਲਾਂਟ ’ਚ ਖ਼ਰਾਬੀ ਨਾਲ ਕੰਮ ਰੁਕਿਆ
ਜੈਤੇਵਾਲੀ ਸੀਵਰੇਜ ਟ੍ਰੀਟਮੈਂਟ ਪਲਾਂਟ ’ਚ ਖ਼ਰਾਬੀ ਨਾਲ ਕੰਮ ਰੁਕਿਆ, ਰਾਮਾਮੰਡੀ-ਦਕੋਹਾ ’ਚ ਸੀਵਰੇਜ ਜਾਮ ਦਾ ਖ਼ਤਰਾ
Publish Date: Wed, 11 Mar 2026 11:01 PM (IST)
Updated Date: Wed, 11 Mar 2026 11:03 PM (IST)

-ਮੇਅਰ ਤੇ ਸੀਨੀਅਰ ਡਿਪਟੀ ਮੇਅਰ ਜਾਂਚ ਲਈ ਪੁੱਜੇ, ਅਧਿਕਾਰੀਆਂ ਨੂੰ ਖ਼ਰਾਬੀ ਦੂਰ ਕਰਨ ਦੇ ਨਿਰਦੇਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੇ ਜੈਤੇਵਾਲੀ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ’ਚ ਖ਼ਰਾਬੀ ਆ ਗਈ ਹੈ। ਇਸ ਕਾਰਨ ਸੀਵਰੇਜ ਦੇ ਪਾਣੀ ਦੀ ਸਫਾਈ ਨਹੀਂ ਹੋ ਰਹੀ। ਪਾਣੀ ਸਾਫ਼ ਨਾ ਹੋਣ ਕਰਕੇ ਪਲਾਂਟ ਤੋਂ ਪਾਣੀ ਨੂੰ ਡਿਸਚਾਰਜ ਨਹੀਂ ਕੀਤਾ ਜਾ ਸਕਦਾ। ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਨਾਲ ਰਾਮਾਮੰਡੀ ਤੇ ਦਕੋਹਾ ਇਲਾਕਿਆਂ ’ਚ ਸੀਵਰੇਜ ਜਾਮ ਹੋਣ ਦਾ ਖ਼ਤਰਾ ਬਣ ਗਿਆ ਹੈ। ਜੇ ਪਲਾਂਟ ਜਲਦੀ ਠੀਕ ਨਾ ਹੋਇਆ ਤਾਂ ਇਨ੍ਹਾਂ ਇਲਾਕਿਆਂ ’ਚ ਸੀਵਰੇਜ ਦੀ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ। ਰਾਮਾਮੰਡੀ ਤੇ ਦਕੋਹਾ ਦਾ ਵੱਡਾ ਹਿੱਸਾ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਤੇ ਉਨ੍ਹਾਂ ਦੀ ਪਤਨੀ ਦੇ ਵਾਰਡ ਖੇਤਰ ’ਚ ਆਉਂਦਾ ਹੈ। ਸੂਚਨਾ ਮਿਲਦਿਆਂ ਹੀ ਮੇਅਰ ਵਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਰਾਮਾ ਮੰਡੀ ਖੇਤਰ ਦੇ ਕੌਂਸਲਰਾਂ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ’ਚ ਜਾਂਚ ਲਈ ਪਹੁੰਚੇ। ਮੇਅਰ ਨੂੰ ਪਲਾਂਟ ਆਪ੍ਰੇਟਰਾਂ ਨੇ ਦੱਸਿਆ ਕਿ ਮਸ਼ੀਨਰੀ ’ਚ ਖ਼ਰਾਬੀ ਆਉਣ ਕਾਰਨ ਖੂਹ ਪਾਣੀ ਨਾਲ ਭਰ ਗਿਆ ਹੈ ਤੇ ਇਸ ਕਰਕੇ ਖੂਹ ਕੰਢੇ ਲੱਗੀਆਂ ਸਾਰੀਆਂ ਮੋਟਰਾਂ ਵੀ ਪਾਣੀ ’ਚ ਡੁੱਬ ਗਈਆਂ ਹਨ। ਇਸ ਕਾਰਨ ਪਾਣੀ ਨੂੰ ਟ੍ਰੀਟ ਨਹੀਂ ਕੀਤਾ ਜਾ ਸਕਦਾ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਖੂਹ ’ਚ ਪਾਣੀ ਇਕੱਠਾ ਹੋ ਗਿਆ ਹੈ। ਇਸ ਜਗ੍ਹਾ ’ਤੇ ਇਕ ਪਲੇਟ ਟੁੱਟ ਗਈ ਸੀ, ਜਿਸ ਕਰਕੇ ਖੂਹ ’ਚ ਜਮ੍ਹਾਂ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਖੂਹ ’ਚ ਲਗਭਗ 11-11 ਫੁੱਟ ਗੰਦਾ ਪਾਣੀ ਭਰ ਗਿਆ ਹੈ ਤੇ ਉੱਥੇ ਲੱਗੀਆਂ ਸਾਰੀਆਂ ਮੋਟਰਾਂ ਵੀ ਪਾਣੀ ’ਚ ਡੁੱਬ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਲਾਂਟ ’ਚ ਕੁੱਲ 6 ਮੋਟਰਾਂ ਲੱਗੀਆਂ ਹੋਈਆਂ ਹਨ ਪਰ ਕੰਮ ਦੋ ਮੋਟਰਾਂ ਨਾਲ ਹੀ ਚੱਲਦਾ ਹੈ। ਬਿੱਟੂ ਨੇ ਦੱਸਿਆ ਕਿ ਕਰਮਚਾਰੀਆਂ ਵੱਲੋਂ ਕਰੀਬ 5 ਫੁੱਟ ਪਾਣੀ ਬਾਹਰ ਕੱਢਿਆ ਜਾ ਚੁੱਕਾ ਹੈ, ਪਰ ਹੁਣ ਵੀ ਖੂਹ ’ਚ ਕਾਫ਼ੀ ਪਾਣੀ ਮੌਜੂਦ ਹੈ। ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਪਲਾਂਟ ਨੂੰ ਠੀਕ ਕਰਨ ’ਚ ਕੁਝ ਦਿਨ ਲੱਗ ਸਕਦੇ ਹਨ, ਜਿਸ ਨਾਲ ਰਾਮਾਮੰਡੀ ਤੇ ਦਕੋਹਾ ’ਚ ਮੁਸ਼ਕਲ ਪੈਦਾ ਹੋ ਸਕਦੀ ਹੈ। ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਤੁਰੰਤ ਪ੍ਰਬੰਧ ਕੀਤੇ ਜਾਣ। ਬਿੱਟੂ ਨੇ ਕਿਹਾ ਕਿ ਪਾਣੀ ਲਿਫਟ ਕਰਨ ਲਈ ਜੋ ਮਸ਼ੀਨਰੀ ਲਗਾਈ ਗਈ ਸੀ, ਉਸ ਦੀ ਮੋਟਰ ਖ਼ਰਾਬ ਹੋ ਗਈ ਹੈ। ਇਸ ਦੀ ਜਾਂਚ ਬਾਅਦ ’ਚ ਕੀਤੀ ਜਾਵੇਗੀ ਪਰ ਅਧਿਕਾਰੀਆਂ ਨੂੰ ਇਸਨੂੰ ਜਲਦੀ ਠੀਕ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇ ਇਸ ਖ਼ਰਾਬੀ ’ਚ ਕਿਸੇ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।