ਸਾਲ ਤੋਂ ਬੰਦ ਪਈ ਨਿਗਮ ਦੀ ਲਿਫਟ ਦਾ ਕੰਮ ਸ਼ੁਰੂ
ਨਗਰ ਨਿਗਮ ਦੀ ਲਿਫਟ ਦਾ ਹੋਇਆ ਕੰਮ ਸ਼ੁਰੂ, ਪਿਛਲੇ ਇਕ ਸਾਲ ਤੋਂ ਪਈ ਸੀ ਬੰਦ
Publish Date: Wed, 11 Feb 2026 08:12 PM (IST)
Updated Date: Wed, 11 Feb 2026 08:14 PM (IST)
-ਲਿਫਟ ਖਰਾਬ ਹੋਣ ਕਾਰਨ ਅਨੇਕਾਂ ਬਜ਼ੁਰਗਾਂ ਤੇ ਅਪਾਹਜਾਂ ਨੂੰ ਹੁੰਦੀ ਹੈ ਪਰੇਸ਼ਾਨੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀ ਲਗਪਗ ਇਕ ਸਾਲ ਤੋਂ ਖਰਾਬ ਪਈ ਲਿਫਟ ਨੂੰ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਆਉਂਦੇ ਦਿਨਾਂ ਦੌਰਾਨ ਨਵੀਂ ਲਿਫਟ ਚਾਲੂ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਨਗਰ ਨਿਗਮ ਦੀਆਂ ਦੋ ਲਿਫਟਾਂ ਜੋ ਮੇਅਰ ਦਫਤਰ ਵੱਲ ਚੱਲਦੀਆਂ ਸਨ, ਸਭ ਤੋਂ ਪਹਿਲਾਂ ਖਰਾਬ ਹੋਈਆਂ ਸਨ ਜਦੋਂਕਿ ਦੂਜੀਆਂ ਦੋ ਲਿਫਟਾਂ ਜੁਆਇੰਟ ਕਮਿਸ਼ਨਰ ਵਾਲੇ ਪਾਸੇ ਦੀਆਂ ਬਾਦ ’ਚ ਖਰਾਬ ਹੋਈਆਂ ਸਨ, ਜਿਸ ਕਾਰਨ ਨਗਰ ਨਿਗਮ ਵਿਖੇ ਕੰਮ ਕਰਵਾਉਣ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲ ਹੋ ਰਹੀ ਸੀ। ਖਾਸ ਤੌਰ ’ਤੇ ਬਜ਼ੁਰਗਾਂ, ਅਪਾਹਜਾਂ ਤੇ ਬਿਮਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੇਅਰ ਵਨੀਤ ਧੀਰ ਨੇ ਨਿਗਮ ਕਮਿਸ਼ਨਰ ਨੂੰ ਲਿਫਟ ਲਾਉਣ ਲਈ ਹਦਾਇਤ ਕੀਤੀ ਸੀ, ਜਿਸ ’ਤੇ ਕਮਿਸ਼ਨਰ ਨੇ ਬੀਐਂਡਆਰ ਬ੍ਰਾਂਚ ਨੂੰ ਤੁਰੰਤ ਨਵੀਂ ਲਿਫਟ ਲਾਉਣ ਦੇ ਹੁਕਮ ਦਿੱਤੇ ਸਨ। ਨਗਰ ਨਿਗਮ ਨੇ ਟੈਂਡਰ ਲਗਾ ਕੇ ਵਰਕ ਆਰਡਰ ਜਾਰੀ ਕਰ ਦਿੱਤਾ। ਆਸ ਹੈ ਕਿ ਲਗਪਗ ਇਕ ਹਫਤੇ ਅੰਦਰ ਨਵੀਂ ਲਿਫਟ ਦਾ ਕੰਮ ਪੂਰਾ ਹੋ ਜਾਵੇਗਾ।
-----------------
84 ਲੱਖ ’ਚ ਹੋਵੇਗਾ ਲਿਫਟ ਦਾ ਕੰਮ
ਨਗਰ ਨਿਗਮ ਦੀ ਨਵੀਂ ਲੱਗਣ ਵਾਲੀ ਲਿਫਟ ਦਾ ਕੰਮ ਜਿਹੜਾ ਬੁੱਧਵਾਰ ਨੂੰ ਸ਼ੁਰੂ ਹੋਇਆ ਹੈ, ਉਸ ਦਾ ਵਰਕ ਆਰਡਰ 84 ਲੱਖ ਦਾ ਦਿੱਤਾ ਗਿਆ ਹੈ ਤੇ ਆਉਂਦੇ ਕੁਝ ਦਿਨਾਂ ’ਚ ਲੋਕਾਂ ਨੂੰ ਨਗਰ ਨਿਗਮ ਲਿਫਟ ਦੀ ਸਹੂਲਤ ਮੁਹੱਈਆ ਕਰਵਾਏਗੀ।