ਪਲੇਟਫਾਰਮ-1 ’ਤੇ ਸ਼ੀਟਾਂ ਪਾਉਣ ਦਾ ਕੰਮ 10 ਦਿਨਾਂ ਬਾਅਦ ਮੁੜ ਸ਼ੁਰੂ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sat, 14 Mar 2026 10:18 PM (IST)
Updated Date: Sat, 14 Mar 2026 10:21 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ-1 'ਤੇ ਸ਼ੈੱਡ ਪਾਉਣ ਲਈ ਸ਼ੀਟ ਪਾਉਣ ਦਾ ਕੰਮ 10 ਦਿਨਾਂ ਬਾਅਦ ਮੁੜ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਪਲੇਟਫਾਰਮ 'ਤੇ ਪਹਿਲਾਂ ਹੀ ਗਾਰਡਰ ਪਾ ਕੇ ਉਸ ’ਤੇ ਫਰਵਰੀ ਮਹੀਨੇ ਵਿਚਾਲੇ ਸਪੈਨ ਲਾ ਦਿੱਤਾ ਗਿਆ ਸੀ। ਮਾਰਚ ਮਹੀਨੇ ਦੇ ਪਹਿਲੇ ਹਫਤੇ ’ਚ ਸ਼ੈੱਡ ਦੇ ਸ਼ੀਟਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਮੁੜ ਕੰਮ ਸ਼ੁਰੂ ਹੋਣ ’ਤੇ ਬਹੁਤ ਸਾਰੇ ਹਿੱਸੇ ’ਚ ਸ਼ੀਟਾਂ ਫਿੱਟ ਵੀ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਪਲੇਟਫਾਰਮ-1 'ਤੇ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੇ ਮੁਸਾਫਰਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ, ਕਿਉਂਕਿ ਜਦੋਂ ਤੋਂ ਸਟੇਸ਼ਨ ਬਣਿਆ ਸੀ, ਉਦੋਂ ਤੋਂ ਇਸ ਹਿੱਸੇ ਵਿਚ ਕਦੇ ਵੀ ਸ਼ੈੱਡ ਨਹੀਂ ਲਾਈ ਗਈ ਸੀ।
ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਮੁਸਾਫਰ ਤੇ ਸੈਲਾਨੀ ਇਸ ਪਲੇਟਫਾਰਮ ’ਤੇ ਉਤਰਦੇ ਸਨ। ਸਟੇਸ਼ਨ ਦੇ ਫੁਟਓਵਰ ਬ੍ਰਿਜ ਦੇ ਅਗਲੇ ਹਿੱਸੇ ’ਤੇ ਸ਼ੈੱਡ ਨਾ ਹੋਣ ਕਾਰਨ ਗਰਮੀ ਦੇ ਮੌਸਮ ’ਚ ਏਸੀ ਵਾਲੇ ਡੱਬੇ ’ਚੋਂ ਉਤਰਣ ਵਾਲਿਆਂ ਨੂੰ ਹੀਟ ਸਟ੍ਰੋਕ ਦਾ ਸਾਹਮਣਾ ਕਰਨਾ ਪੈਂਦਾ ਸੀ। ਨਾਲ ਹੀ ਮੀਂਹ ਦੌਰਾਨ ਮੁਸਾਫਰਾਂ ਨੂੰ ਭਿੱਜ ਕੇ ਸਟੇਸ਼ਨ ਤੋਂ ਬਾਹਰ ਜਾਣਾ ਪੈਂਦਾ ਸੀ।
ਇਸ ਕੰਮ ਨੂੰ ਪੂਰਾ ਕਰਨ ਲਈ ਸਮੇਂ-ਸਮੇਂ 'ਤੇ ਬਲਾਕ ਲਿਆ ਜਾਵੇਗਾ ਤੇ ਜ਼ਿਆਦਾਤਰ ਕੰਮ ਰਾਤ ਵੇਲੇ ਕੀਤਾ ਜਾਵੇਗਾ ਤਾਂ ਜੋ ਮੁਸਾਫਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਸਿਰਫ ਉੱਪਰਲੇ ਹਿੱਸੇ ਦੀ ਸ਼ੈੱਡ ਦਾ ਕੰਮ ਪੂਰਾ ਕਰਨ ਲਈ ਸ਼ੀਟਾਂ ਫਿੱਟ ਕੀਤੀਆਂ ਜਾਣੀਆਂ ਸਨ, ਜਿਸ ਲਈ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮੁਲਾਜ਼ਮ ਲੱਗੇ ਰਹੇ।
ਦੱਸਣਯੋਗ ਹੈ ਕਿ ਜਲੰਧਰ ਸਿਟੀ ਦਾ ਰੇਲਵੇ ਸਟੇਸ਼ਨ 162 ਸਾਲ ਪਹਿਲਾਂ, ਅਰਥਾਤ 1864 ’ਚ ਬਣਾਇਆ ਗਿਆ ਸੀ। ਪਹਿਲਾਂ, ਇਹ ਸਿਰਫ ਇਕ ਛੋਟੀ ਸਟੇਸ਼ਨ ਦੀ ਇਮਾਰਤ ਸੀ ਤੇ ਸਟੇਸ਼ਨ ਦੇ ਬਾਹਰ ਹੀ ਟਿਕਟ ਕਾਊਂਟਰ ਹੁੰਦੇ ਸਨ। ਹੌਲੀ-ਹੌਲੀ ਸਟੇਸ਼ਨ ਦਾ ਵਿਕਾਸ ਹੋਇਆ ਤੇ ਇਸ ਦਾ ਵਿਸਥਾਰ ਵੀ। ਦੋ ਪਲੇਟਫਾਰਮਾਂ ਤੋਂ ਪੰਜ ਬਣ ਗਏ ਤੇ ਬਾਕੀ ਸਾਰਿਆਂ ’ਚ ਸ਼ੈੱਡ ਪਾਈ ਗਈ ਪਰ ਇਸ ਹਿੱਸੇ ’ਤੇ ਸੈੱਡ ਨਹੀਂ ਲਾਈ ਜਾ ਸਕੀ ਸੀ। ਹੁਣ ਜਾ ਕੇ ਇਸ ਦਾ ਕੰਮ ਸ਼ੁਰੂ ਹੋ ਸਕਿਆ ਹੈ।