ਪਠਾਨਕੋਟ ਚੌਕ ਤੋਂ ਫੋਕਲ ਪੁਆਇੰਟ ਤੱਕ ਚਾਰ ਮਹੀਨੇ ਪ੍ਰਭਾਵਿਤ ਰਹੇਗਾ ਟ੍ਰੈਫਿਕ
ਪਠਾਨਕੋਟ ਚੌਕ ਤੋਂ ਫੋਕਲ ਪੁਆਇੰਟ ਤੱਕ ਸਰਵਿਸ ਲੇਨ ’ਤੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ, ਚਾਰ ਮਹੀਨੇ ਟ੍ਰੈਫਿਕ ਪ੍ਰਭਾਵਿਤ ਰਹੇਗਾ
Publish Date: Wed, 18 Feb 2026 10:45 PM (IST)
Updated Date: Wed, 18 Feb 2026 10:48 PM (IST)

-ਸਰਫੇਸ ਵਾਟਰ ਪ੍ਰੋਜੈਕਟ ਦਾ ਕੰਮ ਹੁਣ ਨੈਸ਼ਨਲ ਹਾਈਵੇ ’ਤੇ ਸ਼ੁਰੂ -ਦੂਜੇ ਪੜਾਅ ’ਚ ਫੋਕਲ ਪੁਆਇੰਟ ਤੋਂ ਵੇਰਕਾ ਮਿਲਕ ਪਲਾਂਟ ਤੱਕ ਦੋਵਾਂ ਪਾਸਿਆਂ ਪਾਈਪਾਂ ਪੈਣਗੀਆਂ -ਫਿਰ ਪਠਾਨਕੋਟ ਚੌਕ ਤੋਂ ਸੂਰਿਆ ਐਨਕਲੇਵ ਸਾਹਮਣੇ ਤੱਕ ਸਰਵਿਸ ਲੇਨ ’ਤੇ ਚੱਲੇਗਾ ਕੰਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਚੱਲ ਰਹੇ ਸਰਫੇਸ ਵਾਟਰ ਪ੍ਰੋਜੈਕਟ ਹੇਠ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ’ਤੇ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਹਾਈਵੇ ’ਤੇ ਇਹ ਕੰਮ ਦੋ ਪੜਾਆਂ ’ਚ ਕੀਤਾ ਜਾਣਾ ਹੈ ਤੇ ਕੁੱਲ 12 ਕਿੱਲੋਮੀਟਰ ਲੰਬਾਈ ’ਚ ਪਾਈਪਾਂ ਪੈਣਗੀਆਂ। ਪਹਿਲੇ ਪੜਾਅ ’ਚ ਇਸ ਵੇਲੇ ਪਠਾਨਕੋਟ ਚੌਕ ਤੋਂ ਫੋਕਲ ਪੁਆਇੰਟ ਤੱਕ ਪਾਈਪ ਲਾਈਨ ਪਾਈ ਜਾਵੇਗੀ, ਜਿਸ ਨੂੰ ਬੇਅੰਤ ਸਿੰਘ ਪਾਰਕ ’ਚ ਬਣ ਰਹੇ ਅੰਡਰਗ੍ਰਾਊਂਡ ਵਾਟਰ ਟੈਂਕ ਨਾਲ ਜੋੜਿਆ ਜਾਣਾ ਹੈ। ਖਾਸ ਗੱਲ ਇਹ ਹੈ ਕਿ ਸਰਵਿਸ ਲੇਨ ਦੇ ਕਿਨਾਰੇ ਨਾਲ ਹੀ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਮੁਸ਼ਕਲ ਵੱਧ ਸਕਦੀ ਹੈ। ਦੂਜੇ ਪੜਾਅ ’ਚ ਫੋਕਲ ਪੁਆਇੰਟ ਤੋਂ ਵੇਰਕਾ ਮਿਲਕ ਪਲਾਂਟ ਤੱਕ ਨੈਸ਼ਨਲ ਹਾਈਵੇ ਦੇ ਦੋਵਾਂ ਪਾਸਿਆਂ ਸਰਵਿਸ ਲੇਨ ’ਤੇ ਪਾਈਪ ਲਾਈਨ ਪਾਈ ਜਾਵੇਗੀ। ਇਸ ਤੋਂ ਬਾਅਦ ਪਠਾਨਕੋਟ ਚੌਕ ਤੋਂ ਲੰਮਾ ਪਿੰਡ ਚੌਕ ਰਾਹੀਂ ਅੱਗੇ ਸੂਰਿਆ ਐਨਕਲੇਵ ਸਾਹਮਣੇ ਤੱਕ ਸਿੰਗਲ ਲੇਨ ’ਤੇ ਪਾਈਪਾਂ ਪੈਣਗੀਆਂ, ਜਿਸਦਾ ਕੰਮ ਕੁਝ ਦਿਨਾਂ ਬਾਅਦ ਸ਼ੁਰੂ ਹੋਵੇਗਾ। ------------------------ ਹਰ 500 ਮੀਟਰ ਦੇ ਟੁਕੜੇ ’ਚ ਹੋਵੇਗਾ ਕੰਮ ਪ੍ਰੋਜੈਕਟ ਦੀ ਨੋਡਲ ਏਜੰਸੀ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਐੱਸਡੀਓ ਪਦਮਦੀਪ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਧਿਆਨ ’ਚ ਰੱਖਦੇ ਹੋਏ ਸਰਵਿਸ ਲੇਨ ’ਤੇ ਹਰ 500 ਮੀਟਰ ਦੇ ਹਿੱਸੇ ’ਚ ਖੁਦਾਈ ਕਰਕੇ ਪਾਈਪਾਂ ਪਾਈਆਂ ਜਾਣਗੀਆਂ। ਪਹਿਲਾਂ 500 ਮੀਟਰ ’ਚ ਖੁਦਾਈ ਕਰਕੇ ਪਾਈਪ ਪਾ ਕੇ ਮਿੱਟੀ ਭਰੀ ਜਾਵੇਗੀ, ਫਿਰ ਅੱਗੇ ਖੁਦਾਈ ਹੋਵੇਗੀ। ਖੁਦਾਈ ਵਾਲੇ ਹਿੱਸੇ ਤੋਂ ਇਲਾਵਾ ਸੜਕ ’ਤੇ ਟ੍ਰੈਫਿਕ ਆਮ ਤਰ੍ਹਾਂ ਚੱਲਦਾ ਰਹੇਗਾ। ਅੱਗੇ ਉਸ ਹਿੱਸੇ ਦੀ ਮੁਰੰਮਤ ਵੀ ਇਸੇ ਤਰ੍ਹਾਂ ਕੀਤੀ ਜਾਵੇਗੀ। ------------------- ਐੱਨਐੱਚਏਆਈ ਨੇ ਦਿੱਤੀ ਇਕ ਸਾਲ ਦੀ ਮਨਜ਼ੂਰੀ, ਪਰ ਚਾਰ ਮਹੀਨੇ ’ਚ ਕੰਮ ਮੁਕੰਮਲ ਐੱਸਡੀਓ ਪਦਮਦੀਪ ਸਿੰਘ ਨੇ ਦੱਸਿਆ ਕਿ ਪਾਈਪ ਲਾਈਨ ਦੇ ਕੰਮ ਲਈ ਐੱਨਐੱਚਏਆਈ (ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ) ਵੱਲੋਂ ਇਕ ਸਾਲ ਦਾ ਸਮਾਂ ਦਿੱਤਾ ਗਿਆ ਹੈ ਪਰ 12 ਕਿੱਲੋਮੀਟਰ ਲੰਬੀ ਪਾਈਪ ਲਾਈਨ ਪਾਉਣ ਦਾ ਕੰਮ ਲਗਭਗ ਚਾਰ ਮਹੀਨੇ ਵਿੱਚ ਪੂਰਾ ਕਰ ਲਿਆ ਜਾਵੇਗਾ। --------------------- ਐੱਨਐੱਚਏਆਈ ਨੂੰ ਟ੍ਰਾਂਸਫਰ ਕੀਤੇ 24 ਕਰੋੜ, ਸਰਵਿਸ ਲੇਨ ਨਵੀਂ ਬਣੇਗੀ ਸੀਵਰੇਜ ਬੋਰਡ ਦਾ ਕਹਿਣਾ ਹੈ ਕਿ ਐੱਨਐੱਚਏਆਈ ਤੋਂ ਖੁਦਾਈ ਦੀ ਮਨਜ਼ੂਰੀ ਲੈਣ ਦੇ ਨਾਲ ਹੀ ਕਰੀਬ 24 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ ਤਾਂ ਜੋ ਨਵੀਂ ਸੜਕ ਬਣਾਈ ਜਾ ਸਕੇ। ਇਸ ਤੋਂ ਪਹਿਲਾਂ ਪਾਈਪ ਲਾਈਨ ਪਾ ਕੇ ਮਿੱਟੀ ਭਰ ਕੇ ਉਸਨੂੰ ਪੱਧਰਾ ਬਣਾਇਆ ਜਾਵੇਗਾ, ਫਿਰ ਸਰਵਿਸ ਲੇਨ ਦੀ ਨਵੀਂ ਸੜਕ ਬਣੇਗੀ। ---------------------- ਮੇਨ ਹਾਈਵੇ ਤੇ ਸ਼ਹਿਰੀ ਡਾਇਵਰਜ਼ਨ ਰਾਹੀਂ ਚੱਲੇਗਾ ਟ੍ਰੈਫਿਕ ਸਰਵਿਸ ਲੇਨ ਦੀ ਖੁਦਾਈ ਦੌਰਾਨ ਕੋਈ ਵੱਖਰਾ ਰਸਤਾ ਨਹੀਂ ਬਣਾਇਆ ਗਿਆ। ਇਸ ਸਮੇਂ ਟ੍ਰੈਫਿਕ ਮੇਨ ਹਾਈਵੇ ਦੇ ਨਾਲ-ਨਾਲ ਨੈਸ਼ਨਲ ਹਾਈਵੇ ਦੇ ਦੋਵਾਂ ਪਾਸਿਆਂ ਸ਼ਹਿਰ ਨਾਲ ਲੱਗਦੇ ਡਾਇਵਰਜ਼ਨ ਰੋਡਾਂ ’ਤੇ ਚੱਲੇਗਾ। ਖੁਦਾਈ ਵਾਲੀ ਥਾਂ ’ਤੇ ਬੈਰੀਕੇਡ ਲਗਾਏ ਗਏ ਹਨ ਤੇ ਅੱਗੇ-ਪਿੱਛੇ ਦੀ ਸਰਵਿਸ ਲੇਨ ਖਾਲੀ ਰੱਖੀ ਗਈ ਹੈ। ਆਵਾਜਾਈ ਲਈ ਲੋਕ ਟ੍ਰਾਂਸਪੋਰਟ ਨਗਰ ਤੇ ਹਰਗੋਬਿੰਦ ਨਗਰ ਵਾਲਾ ਰਸਤਾ ਵਰਤ ਸਕਦੇ ਹਨ।