ਮਹਿਲਾ ਸਸ਼ਕਤੀਕਰਨ ਲਈ ਕੀਤੇ ਜਾ ਯਤਨਾਂ ਦੀ ਸ਼ਲਾਘਾ
ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਮਹਿਲਾ ਹਫ਼ਤਾ ਮਨਾਇਆ
Publish Date: Tue, 10 Mar 2026 06:34 PM (IST)
Updated Date: Tue, 10 Mar 2026 06:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵੱਲੋਂ ਐਸੋਸੀਏਸ਼ਨ ਫਾਰ ਸੋਸ਼ਲ ਹੈਲਥ ਇਨ ਇੰਡੀਆ ਦੀ ਜ਼ਿਲ੍ਹਾ ਸ਼ਾਖਾ ਜਲੰਧਰ ਦੇ ਸਹਿਯੋਗ ਨਾਲ ਮਹਿਲਾ ਹਫ਼ਤਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਵੱਖ-ਵੱਖ ਮੁਕਾਬਲੇ ਤੇ ਗਤੀਵਿਧੀਆਂ ਕਰਵਾਈਆਂ। 10 ਮਾਰਚ ਨੂੰ ਕਾਲਜ ’ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਸਲਾਦ ਮੇਕਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਪ੍ਰੋਗਰਾਮ ’ਚ ਪਰਮਿੰਦਰ ਬੇਰੀ (ਜਨਰਲ ਸਕੱਤਰ, ਸੋਸ਼ਲ ਹੈਲਥ ਇਨ ਇੰਡੀਆ, ਜ਼ਿਲ੍ਹਾ ਜਲੰਧਰ), ਸੁਰਜੀਤ ਲਾਲ (ਜਨਰਲ ਸਕੱਤਰ, ਰੈੱਡ ਕਰਾਸ ਸੁਸਾਇਟੀ), ਸੰਦੀਪ ਕੌਰ (ਮਹਿਲਾ ਹੈਲਪਲਾਈਨ ਤੇ ਸਖੀ ਸੈਂਟਰ ਇੰਚਾਰਜ) ਤੇ ਪੰਕਜ ਸ਼ਰਮਾ (ਕੌਂਸਲਰ, ਸੋਸ਼ਲ ਹੈਲਥ ਇਨ ਇੰਡੀਆ) ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮਹਿਮਾਨਾਂ ਨੇ ਕਾਲਜ ਵੱਲੋਂ ਨੌਜਵਾਨ ਲੜਕੀਆਂ ’ਚ ਜਾਗਰੂਕਤਾ ਤੇ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸਲਾਦ ਮੇਕਿੰਗ ਮੁਕਾਬਲੇ ’ਚ ਈਸ਼ਾ ਪਾਲ ਨੇ ਪਹਿਲਾ, ਗੁਰਲੀਨ ਨੇ ਦੂਜਾ ਤੇ ਡੌਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਸਲਾਦ ਪੌਸ਼ਟਿਕ ਹੋਣ ਦੇ ਨਾਲ-ਨਾਲ ਕਾਫ਼ੀ ਆਕਰਸ਼ਕ ਵੀ ਸਨ। ਪੋਸਟਰ ਮੇਕਿੰਗ ਮੁਕਾਬਲੇ ’ਚ ਪ੍ਰਦੀਪ ਕੌਰ ਪਹਿਲੇ, ਮਨਦੀਪ ਦੂਜੇ ਤੇ ਨੇਹਾ ਤੀਜੇ ਸਥਾਨ ’ਤੇ ਰਹੇ। ਸਾਰੇ ਜੇਤੂਆਂ ਨੂੰ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।ਕਾਲਜ ਦੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਸਮਾਗਮ ਨੂੰ ਸਫ਼ਲ ਕਰਵਾਉਣ ਲਈ ਐੱਨਐੱਸਐੱਸ ਅਧਿਕਾਰੀਆਂ ਆਤਮਾ ਸਿੰਘ, ਡਾ. ਸਰਬਜੀਤ ਕੌਰ ਤੇ ਰਿਤੂ ਰਾਏ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।