ਮਹਿਲਾ ਹਾਕੀ ਟੂਰਨਾਮੈਂਟ 25 ਤੋਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Thu, 23 Apr 2026 06:26 PM (IST)
Updated Date: Thu, 23 Apr 2026 06:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਚੌਥਾ ਉਲੰਪੀਅਨ ਵਰਿੰਦਰ ਸਿੰਘ 5 ਏ ਸਾਈਡ ਮਹਿਲਾ ਹਾਕੀ ਟੂਰਨਾਮੈਂਟ 25 ਤੇ 26 ਅਪ੍ਰੈਲ ਨੂੰ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਹਾਕੀ ਮੈਦਾਨ ’ਚ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਉਲੰਪੀਅਨ ਵਰਿੰਦਰ ਸਿੰਘ ਦੇ ਸਪੁੱਤਰ ਗੁਰਪ੍ਰੀਤ ਸਿੰਘ ਤੇ ਟੂਰਨਾਮੈਂਟ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਮੁੱਖ ਸਪਾਂਸਰ ਰਾਊਂਡ ਗਲਾਸ ਸਪੋਰਟਸ ਹੋਵੇਗੀ, ਜਦਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਦੀ 6 ਟੀਮਾਂ ਹਿੱਸਾ ਲੈ ਰਹੀਆਂ ਹਨ, ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ’ਚ ਵੰਡਿਆ ਗਿਆ ਹੈ। 25 ਅਪ੍ਰੈਲ ਨੂੰ ਲੀਗ ਮੈਚ ਖੇਡੇ ਜਾਣਗੇ, ਜਦਕਿ 26 ਅਪਰੈਲ ਨੂੰ ਸਵੇਰੇ ਸੈਮੀਫਾਈਨਲ ਤੇ ਸ਼ਾਮ 4 ਵਜੇ ਫਾਈਨਲ ਮੈਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨ 25 ਅਪ੍ਰੈਲ ਨੂੰ ਸਵੇਰੇ 10 ਵਜੇ ਹੋਵੇਗਾ। ਇਸ ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਹਾਕੀ ਇੰਡੀਆ ਦੇ ਮਾਨਤਾ ਪ੍ਰਾਪਤ ਅੰਪਾਇਰ ਤੇ ਤਕਨੀਕੀ ਅਧਿਕਾਰੀ ਜ਼ਿੰਮੇਵਾਰੀ ਨਿਭਾਉਣਗੇ। ਯਾਦ ਰਹੇ ਕਿ ਉਲੰਪੀਅਨ ਵਰਿੰਦਰ ਸਿੰਘ 1975 ’ਚ ਵਿਸ਼ਵ ਕੱਪ ਹਾਕੀ ਮੁਕਾਬਲਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਅਹਿਮ ਮੈਂਬਰ ਸਨ। ਰੇਲਵੇ ਤੋਂ ਉੱਚ ਅਧਿਕਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ 15 ਸਾਲ ਪੰਜਾਬ ਖੇਡ ਵਿਭਾਗ ’ਚ ਬਤੌਰ ਕੋਚ ਛੋਟੇ ਛੋਟੇ ਬੱਚਿਆਂ ਨੂੰ ਹਾਕੀ ਦੇ ਗੁਰ ਸਿਖਾਏ।