ਨਸ਼ੇ ਦੀ ਗ੍ਰਿਫ਼ਤ ’ਚ ਔਰਤਾਂ, ਲਤ ਨੇ ਬਣਾਇਆ ਤਸਕਰ, ਹਰ ਪੰਜ ਗ੍ਰਿਫ਼ਤਾਰ ਮੁਲਜ਼ਮਾਂ ’ਚ ਇਕ ਔਰਤ

- ਜਦੋਂ ਨਸ਼ੇ ਲਈ ਪੈਸਾ ਇਕੱਠਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਔਰਤਾਂ ਨੇ ਤਸਕਰੀ ਦਾ ਰਾਹ ਅਪਣਾਇਆ
- ਇੱਕ ਸਾਲ ’ਚ 100 ਤੋਂ ਵੱਧ ਔਰਤਾਂ ਨੂੰ ਨਸ਼ਾ ਮੁਕਤੀ ਕੇਂਦਰਾਂ ’ਚ ਦਾਖ਼ਲ ਕਰਵਾਇਆ
- ਦਿਹਾਤੀ ਇਲਾਕਿਆਂ ’ਚ 60 ਔਰਤ ਨਸ਼ਾ ਤਸਕਰ ਫੜੀਆਂ ਗਈਆਂ, ਜੋ ਖੁਦ ਨਸ਼ੇ ਦੀ ਗ੍ਰਿਫ਼ਤ ’ਚ ਸਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਾਗਰਣ : ਹਾਲ ਹੀ ’ਚ ਸ਼ਹਿਰ ਦੇ ਇੱਕ ਸੰਘਣੀ ਆਬਾਦੀ ਵਾਲੇ ਇਲਾਕੇ ਕਾਜ਼ੀ ਮੰਡੀ ’ਚ ਪੁਲਿਸ ਨੇ ਇੱਕ ਔਰਤ ਨੂੰ ਪਾਬੰਦੀਸ਼ੁਦਾ ਗੋਲੀਆਂ ਦੀ ਸਪਲਾਈ ਕਰਦਿਆਂ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ ਪਾਬੰਦੀਸ਼ੁਦਾ ਦਵਾਈਆਂ ਦੀ ਵੱਡੀ ਮਾਤਰਾ ਬਰਾਮਦ ਹੋਈ। ਪੁੱਛਗਿੱਛ ’ਚ ਔਰਤ ਨੇ ਕਬੂਲਿਆ ਕਿ ਉਹ ਕਈ ਸਾਲਾਂ ਤੋਂ ਖੁਦ ਨਸ਼ਾ ਕਰ ਰਹੀ ਸੀ। ਸ਼ੁਰੂ ਵਿੱਚ ਦੋਸਤਾਂ ਨਾਲ ਨਸ਼ਾ ਕਰਨਾ ਸ਼ੁਰੂ ਕੀਤਾ, ਪਰ ਹੌਲੀ-ਹੌਲੀ ਇਹ ਆਦਤ ਬਣ ਗਈ। ਜਦੋਂ ਖਰਚਾ ਵੱਧ ਗਿਆ ਤੇ ਆਮਦਨ ਘੱਟ ਪੈ ਗਈ, ਤਾਂ ਉਸ ਨੇ ਪਾਬੰਦੀਸ਼ੁਦਾ ਗੋਲੀਆਂ ਦੀ ਸਪਲਾਈ ਸ਼ੁਰੂ ਕਰ ਦਿੱਤੀ। ਔਰਤ ਦਾ ਕਹਿਣਾ ਸੀ ਕਿ ਉਸ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਕਦੋਂ ਉਹ ਅਪਰਾਧ ਦੀ ਦੁਨੀਆ ਵਿੱਚ ਇੰਨੀ ਡੂੰਘਾਈ ਤਕ ਫ਼ਸ ਗਈ। ਨਸ਼ੇ ਦੀ ਸਮੱਸਿਆ ਹੁਣ ਸਿਰਫ਼ ਮਰਦਾਂ ਤਕ ਸੀਮਿਤ ਨਹੀਂ ਰਹੀ। ਸਮਾਜ ’ਚ ਤੇਜ਼ੀ ਨਾਲ ਫੈਲ ਰਹੀ ਇਸ ਬੁਰਾਈ ਨੇ ਔਰਤਾਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੈ। ਹਾਲੀਆ ਦਿਨਾਂ ਵਿੱਚ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਵਿੱਚ ਪੁਲਿਸ ਵੱਲੋਂ ਕੀਤੀਆਂ ਕਾਰਵਾਈਆਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਨਸ਼ਾ ਕਰਦੇ ਜਾਂ ਨਸ਼ਾ ਤਸਕਰੀ ’ਚ ਫੜੇ ਗਏ ਹਰ ਪੰਜ ਮੁਲਜ਼ਮਾਂ ’ਚ ਇੱਕ ਔਰਤ ਸ਼ਾਮਲ ਹੈ। ਪੁਲਿਸ ਤੇ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜ਼ਿਆਦਾਤਰ ਔਰਤਾਂ ਸ਼ੁਰੂ ’ਚ ਖੁਦ ਨਸ਼ੇ ਦੀ ਸ਼ਿਕਾਰ ਬਣੀਆਂ। ਹੌਲੀ-ਹੌਲੀ ਇਹ ਆਦਤ ਬਣ ਗਈ ਤੇ ਜਦੋਂ ਨਸ਼ੇ ਲਈ ਪੈਸਾ ਇਕੱਠਾ ਕਰਨਾ ਮੁਸ਼ਕਿਲ ਹੋਇਆ, ਤਾਂ ਉਹ ਤਸਕਰੀ ਦੇ ਰਾਹ ਪੈ ਗਈਆਂ। ਦੂਜੇ ਪਾਸੇ ਕੁਝ ਔਰਤਾਂ ਨਸ਼ਾ ਤਸਕਰੀ ਕਰਦਿਆਂ-ਕਰਦਿਆਂ ਹੀ ਨਸ਼ੇ ਦੀ ਆਦਤ ’ਚ ਫ਼ਸ ਗਈਆਂ। ਪਿਛਲੇ ਲਗਭਗ ਇੱਕ ਸਾਲ ’ਚ 100 ਤੋਂ ਵੱਧ ਅਜਿਹੀਆਂ ਔਰਤਾਂ ਨੂੰ ਨਸ਼ਾਮੁਕਤੀ ਕੇਂਦਰਾਂ ’ਚ ਦਾਖ਼ਲ ਕਰਵਾਇਆ ਗਿਆ, ਜੋ ਨਾ ਸਿਰਫ਼ ਨਸ਼ੇ ਦੀ ਆਦੀ ਸਨ, ਸਗੋਂ ਪਾਬੰਦੀਸ਼ੁਦਾ ਪਦਾਰਥਾਂ ਦੀ ਸਪਲਾਈ ਅਤੇ ਵਿਕਰੀ ਵਿੱਚ ਵੀ ਸ਼ਾਮਲ ਮਿਲੀਆਂ।
-------------------
- ਸ਼ਹਿਰੀ ਤੇ ਦਿਹਾਤੀ ਇਲਾਕਿਆਂ ਵਿੱਚ ਵਧੀ ਗਿਣਤੀ
ਨਸ਼ਿਆਂ ਦੇ ਸ਼ਹਿਰੀ ਬਸਤੀਆਂ ਤੇ ਦਿਹਾਤੀ ਇਲਾਕਿਆਂ ’ਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਔਰਤਾਂ ਅਕਸਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੀਆਂ ਹਨ, ਤਾਂ ਜੋ ਉਨ੍ਹਾਂ ’’ਤੇ ਸ਼ੱਕ ਘੱਟ ਹੋਵੇ ਤੇ ਕਾਨੂੰਨ ਦੀ ਨਜ਼ਰ ਤੋਂ ਬਚਿਆ ਜਾ ਸਕੇ। ਪਿਛਲੇ ਇੱਕ ਸਾਲ ’ਚ ਦਿਹਾਤੀ ਇਲਾਕਿਆਂ ’ਚ ਫੜੀਆਂ ਗਈਆਂ 60 ਔਰਤ ਨਸ਼ਾ ਤਸਕਰ ਖੁਦ ਨਸ਼ੇ ਦੀ ਗ੍ਰਿਫ਼ਤ ’ਚ ਸਨ। ਉੱਥੇ ਹੀ ਕਮਿਸ਼ਨਰੇਟ ’ਚ ਵੀ 40 ਤੋਂ ਵੱਧ ਔਰਤ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੀਆਂ ਗਈਆਂ। ਗ੍ਰਿਫ਼ਤਾਰ ਔਰਤਾਂ ਵੱਡੀ ਖੇਪ ਨਾਲ ਨਹੀਂ, ਸਗੋਂ ਥੋੜ੍ਹੀ ਮਾਤਰਾ ’ਚ ਨਸ਼ਾ ਸਪਲਾਈ ਕਰਦਿਆਂ ਫੜੀਆਂ ਗਈਆਂ। ਔਰਤਾਂ ਘੱਟ ਮਾਤਰਾ ਇਸ ਲਈ ਨਾਲ ਰੱਖਦੀਆਂ ਹਨ, ਤਾਂ ਜੋ ਫੜੇ ਜਾਣ ’ਤੇ ਸਜ਼ਾ ਵੀ ਤੁਲਨਾਤਮਕ ਤੌਰ ’ਤੇ ਘੱਟ ਹੋਵੇ। ਇਹੀ ਕਾਰਨ ਹੈ ਕਿ ਤਸਕਰ ਗਿਰੋਹ ਔਰਤਾਂ ਨੂੰ ਇਸ ਧੰਦੇ ’ਚ ਸ਼ਾਮਲ ਕਰ ਰਹੇ ਹਨ।
---------------------------------
- ਕਈ ਮਾਮਲੇ ਆ ਚੁੱਕੇ ਨੇ ਸਾਹਮਣੇ
ਇਸੇ ਤਰ੍ਹਾਂ ਇੱਕ ਪਿੰਡ ਦੇ ਇਲਾਕੇ ’ਚ ਪੁਲਿਸ ਨੇ ਇੱਕ ਔਰਤ ਨੂੰ ਹੈਰੋਇਨ ਦੀ ਪੁੜੀ ਵੇਚਦਿਆਂ ਫੜਿਆ। ਜਾਂਚ ’ਚ ਸਾਹਮਣੇ ਆਇਆ ਕਿ ਉਸ ਦੇ ਪਤੀ ਨੂੰ ਪਹਿਲਾਂ ਹੀ ਨਸ਼ਾ ਤਸਕਰੀ ਦੇ ਇੱਕ ਮਾਮਲੇ ’ਚ ਜੇਲ੍ਹ ਹੋ ਚੁੱਕੀ ਸੀ। ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਪਰਿਵਾਰ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ। ਇਸ ਦੌਰਾਨ ਔਰਤ ਖੁਦ ਵੀ ਨਸ਼ੇ ਦੀ ਆਦੀ ਹੋ ਗਈ ਤੇ ਬਾਅਦ ’ਚ ਨਸ਼ਾ ਵੇਚਣ ਲੱਗ ਪਈ।
-------------------------
- ਪੂਰੇ ਦੇ ਪੂਰੇ ਪਰਿਵਾਰ ਸ਼ਾਮਲ ਹਨ ਨਸ਼ਾ ਤਸਕਰੀ ’ਚ
ਪਿਛਲੇ ਇੱਕ ਸਾਲ ’ਚ ਨਸ਼ਾ ਤਸਕਰੀ ’ਚ ਗ੍ਰਿਫ਼ਤਾਰ ਹੋਈਆਂ ਕਈ ਔਰਤਾਂ ਦੇ ਮਾਮਲਿਆਂ ’ਚ ਸਾਹਮਣੇ ਆਇਆ ਹੈ ਕਿ ਪੂਰੇ ਦੇ ਪੂਰੇ ਪਰਿਵਾਰ ਹੀ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ ਅਤੇ ਸਾਰੇ ਨਸ਼ੇ ਦੇ ਆਦੀ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਨਸ਼ੇ ਦੀ ਗ੍ਰਿਫ਼ਤ ਵਿੱਚ ਆਈਆਂ ਔਰਤਾਂ ਨੇ ਕਬੂਲਿਆ ਕਿ ਹਮੇਸ਼ਾ ਅਪਰਾਧ ਦੀ ਨੀਅਤ ਨਹੀਂ ਹੁੰਦੀ, ਸਗੋਂ ਕਈ ਵਾਰ ਉਹ ਹਾਲਾਤਾਂ ਦੀ ਸ਼ਿਕਾਰ ਬਣ ਜਾਂਦੀਆਂ ਹਨ। ਜਦੋਂ ਪਰਿਵਾਰ ਦਾ ਕੋਈ ਮੈਂਬਰ ਜੇਲ੍ਹ ਚਲਾ ਜਾਂਦਾ ਹੈ ਜਾਂ ਪੁਲਿਸ ਤੋਂ ਬਚਣ ਲਈ ਫ਼ਰਾਰ ਹੋ ਜਾਂਦਾ ਹੈ, ਤਾਂ ਉਹ ਖੁਦ ਨਸ਼ਾ ਤਸਕਰੀ ਵਿੱਚ ਲਿਪਤ ਹੋ ਜਾਂਦੀਆਂ ਹਨ। ਕਈ ਮਾਮਲਿਆਂ ਵਿੱਚ ਪੁਲਿਸ ਨੇ ਇੱਕੋ ਪਰਿਵਾਰ ਦੀਆਂ ਕਈ ਔਰਤਾਂ ਨੂੰ ਗ੍ਰਿਫ਼ਤਾਰ ਕਰ ਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ।
---------------------------------
- ਕੀ ਕਹਿੰਦੇ ਹਨ ਮਾਹਰ
ਮਾਹਰ ਤੇ ਪੁਲਿਸ ਦੋਵੇਂ ਦਾ ਮੰਨਣਾ ਹੈ ਕਿ ਸਿਰਫ਼ ਸਖ਼ਤ ਕਾਨੂੰਨ ਤੇ ਗ੍ਰਿਫ਼ਤਾਰੀਆਂ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ। ਨਸ਼ਾ ਮੁਕਤੀ, ਕਾਊਂਸਲਿੰਗ, ਪੁਨਰਵਾਸ ਤੇ ਸਮਾਜਿਕ ਸਹਿਯੋਗ ਬਹੁਤ ਜ਼ਰੂਰੀ ਹਨ। ਨਸ਼ਾ ਛੁਡਾਊ ਕੇਂਦਰਾਂ ’ਚ ਔਰਤਾਂ ਲਈ ਵੱਖਰੀਆਂ ਸਹੂਲਤਾਂ, ਮਾਨਸਿਕ ਸਿਹਤ ’ਤੇ ਧਿਆਨ ਤੇ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਾ ਸਮੇਂ ਦੀ ਮੰਗ ਹੈ। ਮਾਹਰ ਮੰਨਦੇ ਹਨ ਕਿ ਜੇ ਇਨ੍ਹਾਂ ਔਰਤਾਂ ਨੂੰ ਸਮੇਂ ਸਿਰ ਸਹੀ ਮਾਰਗਦਰਸ਼ਨ ਤੇ ਸਹਾਰਾ ਮਿਲ ਜਾਵੇ, ਤਾਂ ਉਹ ਨਾ ਸਿਰਫ਼ ਨਸ਼ੇ ਤੋਂ ਬਾਹਰ ਆ ਸਕਦੀਆਂ ਹਨ, ਸਗੋਂ ਇੱਕ ਆਮ ਤੇ ਇਜ਼ਤਦਾਰ ਜ਼ਿੰਦਗੀ ਵੀ ਜੀ ਸਕਦੀਆਂ ਹਨ।