ਜਿਮ ਤੋਂ ਘਰ ਪਰਤ ਰਹੀ ਔਰਤ ਨਾਲ ਛੇੜਛਾੜ, ਇਕ ਕਾਬੂ
ਜਿਮ ਤੋਂ ਘਰ ਪਰਤ ਰਹੀ ਔਰਤ ਨੂੰ ਦਿਨ-ਦਿਹਾੜੇ ਨਸ਼ੇੜੀਆਂ ਨੇ ਕੀਤਾ ਤੰਗ-ਪ੍ਰੇਸ਼ਾਨ
Publish Date: Thu, 02 Apr 2026 09:55 PM (IST)
Updated Date: Thu, 02 Apr 2026 09:58 PM (IST)
-ਸੰਤੁਲਨ ਗੁਆਉਣ ਕਾਰਨ ਸੜਕ ਕੰਢੇ ਡਿੱਗਣ ਨਾਲ ਲੱਗੀਆਂ ਸੱਟਾਂ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਇਲਾਕੇ ਦੇ ਇਕ ਸਥਾਨਕ ਜਿਮ ਨੇੜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਔਰਤ ਜੋ ਕਸਰਤ ਤੋਂ ਬਾਅਦ ਘਰ ਪਰਤ ਰਹੀ ਸੀ, ਨੂੰ ਨਸ਼ੇ ਵਿੱਚ ਨੌਜਵਾਨਾਂ ਦੇ ਗਰੁੱਪ ਨੇ ਦਿਨ-ਦਿਹਾੜੇ ਛੇੜਛਾੜ ਦਾ ਸ਼ਿਕਾਰ ਬਣਾਇਆ। ਚਸ਼ਮਦੀਦਾਂ ਅਨੁਸਾਰ ਔਰਤ ਪੈਦਲ ਜਾ ਰਹੀ ਸੀ ਜਦੋਂ ਉਸ ਨੂੰ 3-4 ਨਸ਼ੇੜੀ ਨੌਜਵਾਨਾਂ ਨੇ ਰੋਕਿਆ। ਮੁਲਜ਼ਮਾਂ ਨੇ ਨਾ ਸਿਰਫ਼ ਅਸ਼ਲੀਲ ਟਿੱਪਣੀਆਂ ਕੀਤੀਆਂ ਸਗੋਂ ਉਸ ਨਾਲ ਛੇੜਛਾੜ ਵੀ ਕੀਤੀ, ਜਿਸ ਕਾਰਨ ਉਹ ਸੰਤੁਲਨ ਗੁਆ ਬੈਠੀ ਤੇ ਸੜਕ ਕੰਢੇ ਨਾਲੇ ਕੋਲ ਡਿੱਗ ਪਈ। ਇਸ ਘਟਨਾ ’ਚ ਨੌਜਵਾਨ ਔਰਤ ਦੀ ਲੱਤ ’ਤੇ ਗੰਭੀਰ ਸੱਟਾਂ ਲੱਗੀਆਂ। ਡਾਕਟਰਾਂ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਲੱਤ ’ਚ ਫਰੈਕਚਰ ਹੋਣ ਦੀ ਸੰਭਾਵਨਾ ਹੈ। ਸੂਚਨਾ ਮਿਲਦਿਆਂ ਪਰਿਵਾਰਕ ਮੈਂਬਰ ਹਸਪਤਾਲ ਪੁੱਜੇ। ਪਰਿਵਾਰ ਨੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਘਟਨਾ ਨੂੰ ਲੈ ਕੇ ਜਿਮ ਦੇ ਮੈਂਬਰਾਂ ਤੇ ਸਥਾਨਕ ਨਿਵਾਸੀਆਂ ’ਚ ਡੂੰਘਾ ਰੋਸ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਲਾਕੇ ’ਚ ਨਸ਼ੇੜੀਆਂ ਦੀ ਭੀੜ ਵਧਦੀ ਜਾ ਰਹੀ ਹੈ, ਜਿਸ ਕਾਰਨ ਔਰਤਾਂ ਲਈ ਘਰਾਂ ’ਚੋਂ ਨਿਕਲਣਾ ਵੀ ਮੁਸ਼ਕਲ ਤੇ ਅਸੁਰੱਖਿਅਤ ਹੋ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਭੱਜ ਰਹੇ ਮੁਲਜ਼ਮਾਂ ਵਿਚੋਂ ਇਕ ਨੂੰ ਫੜ ਲਿਆ। ਕੁੱਟਮਾਰ ਮਗਰੋਂ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।
--------------
ਪੁਲਿਸ ਅਧਿਕਾਰੀ ਸੀਸੀਟੀਵੀ ਫੁਟੇਜ ਦੀ ਕਰ ਰਹੇ ਨੇ ਜਾਂਚ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਪ੍ਰਸ਼ਾਸਨ ਨੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਗ੍ਰਿਫਤਾਰ ਮੁਲਜ਼ਮ ਤੋਂ ਇਸ ਸਮੇਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬਾਕੀ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਿਮ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪ੍ਰਾਪਤ ਕੀਤੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।