- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਕੇਸ ਦੇ ਨਾਮ ’ਤੇ ਮਹਿਲਾ ਨਾਲ 23 ਹਜ਼ਾਰ ਦੀ ਸਾਈਬਰ ਠੱਗੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੀ ਬੰਬੇ ਕਾਲੋਨੀ ਨੇੜੇ ਰਹਿਣ ਵਾਲੀ ਇਕ ਔਰਤ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਈ। ਔਰਤ ਦੀ ਧੀ ਦਾ ਦਾਜ ਨਾ ਦੇਣ ’ਤੇ ਤੰਗ ਕਰਨ ਦਾ ਮਾਮਲਾ ਅਦਾਲਤ ’ਚ ਚੱਲ ਰਿਹਾ ਹੈ। ਸੁਣਵਾਈ ’ਚ ਦੇਰੀ ਹੋਣ ਕਾਰਨ ਉਹ ਮਾਨਸਿਕ ਤੌਰ ’ਤੇ ਕਾਫੀ ਪਰੇਸ਼ਾਨ ਸੀ ਤੇ ਕਿਸੇ ਤਰ੍ਹਾਂ ਜਲਦੀ ਇਨਸਾਫ ਚਾਹੁੰਦੀ ਸੀ। ਇਸ ਦੌਰਾਨ ਇੰਟਰਨੈੱਟ ਮੀਡੀਆ ’ਤੇ ਉਸਨੂੰ ਇਕ ਸੁਨੇਹਾ ਮਿਲਿਆ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਜੇ ਕਿਸੇ ਪੁਲਿਸ ਕੇਸ ਜਾਂ ਕੋਰਟ ਕੇਸ ’ਚ ਸੁਣਵਾਈ ਨਹੀਂ ਹੋ ਰਹੀ ਤਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ, ਫੌਰੀ ਹੱਲ ਹੋਵੇਗਾ। ਉਸਨੇ ਬਿਨਾਂ ਜਾਂਚ ਕੀਤੇ ਲਿੰਕ ’ਤੇ ਕਲਿੱਕ ਕਰ ਦਿੱਤਾ। ਲਿੰਕ ਖੁੱਲ੍ਹਦਿਆਂ ਹੀ ਉਸ ਤੋਂ ਕੁਝ ਨਿੱਜੀ ਜਾਣਕਾਰੀ ਮੰਗੀ ਗਈ। ਉਸ ਨੇ ਭਰੋਸਾ ਕਰਦਿਆਂ ਜਾਣਕਾਰੀ ਭਰ ਦਿੱਤੀ। ਕੁਝ ਹੀ ਮਿੰਟਾਂ ’ਚ ਉਸਦੇ ਮੋਬਾਈਲ ’ਤੇ ਬੈਂਕ ਖਾਤੇ ’ਚੋਂ 23 ਹਜ਼ਾਰ ਰੁਪਏ ਨਿਕਲਣ ਦਾ ਸੁਨੇਹਾ ਆ ਗਿਆ। ਬਾਅਦ ’ਚ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਤਰ੍ਹਾਂ ਦੇ ਮਾਮਲਿਆਂ ’ਚ ਹੋਰ ਵੀ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਮਕਸੂਦਾਂ ਦੇ ਮਦਨ ਦਾ ਅਦਾਲਤ ’ਚ ਕਈ ਸਾਲਾਂ ਤੋਂ ਪ੍ਰਾਪਰਟੀ ਵਿਵਾਦ ਚੱਲ ਰਿਹਾ ਸੀ। ਉਸਨੂੰ ਇੰਟਰਨੈੱਟ ’ਤੇ ਇਕ ਸੁਨੇਹਾ ਮਿਲਿਆ ਕਿ ਅਦਾਲਤ ਦੀ ਅਗਲੀ ਤਰੀਕ ਬਦਲ ਗਈ ਹੈ ਤੇ ਨਵੀਂ ਤਰੀਕ ਜਾਣਨ ਲਈ ਲਿੰਕ ’ਤੇ ਕਲਿੱਕ ਕਰੋ। ਮਦਨ ਦੇ ਲਿੰਕ ’ਤੇ ਕਲਿੱਕ ਕੀਤਾ ਤਾਂ ਉਸਦੇ ਖਾਤੇ ਤੋਂ 15 ਹਜ਼ਾਰ ਰੁਪਏ ਕੱਟ ਲਏ ਗਏ। ਇਸੇ ਤਰ੍ਹਾਂ ਲੋਹੇ ਦਾ ਸਾਮਾਨ ਖਰੀਦਣ-ਵੇਚਣ ਵਾਲੇ ਰੋਹਿਤ ਨੇ ਚੋਰੀ ਦੀ ਇਕ ਸ਼ਿਕਾਇਤ ਕਰਵਾਈ ਸੀ। ਉਸਨੂੰ ਐੱਫਆਈਆਰ ਡਾਊਨਲੋਡ ਕਰਨ ਲਈ ਲਿੰਕ ਮਿਲਿਆ। ਲਿੰਕ ਖੋਲ੍ਹਣਾ ਮਹਿੰਗਾ ਪਿਆ ਤੇ ਹਜ਼ਾਰਾਂ ਰੁਪਏ ਖਾਤੇ ਤੋਂ ਨਿਕਲ ਗਏ।