ਗਲਤ ਦਿਸ਼ਾ ਤੋਂ ਆ ਰਹੇ ਟਰੱਕ ਨੇ ਔਰਤ ਨੂੰ ਕੁਚਲਿਆ, ਮੌਕੇ ’ਤੇ ਹੀ ਮੌਤ
ਗਲਤ ਦਿਸ਼ਾ ਤੋਂ ਆ ਰਹੇ ਟਰੱਕ ਨੇ ਔਰਤ ਨੂੰ ਕੁਚਲਿਆ ਮੌਕੇ ’ਤੇ ਹੀ ਮੌਤ
Publish Date: Thu, 05 Mar 2026 08:36 PM (IST)
Updated Date: Thu, 05 Mar 2026 08:38 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਅੱਠ ਦੀ ਹੱਦ ’ਚ ਪੈਂਦੇ ਫੋਕਲ ਪੁਆਇੰਟ ’ਚ ਬੁੱਧਵਾਰ ਦੇਰ ਸ਼ਾਮ ਇਕ ਸੜਕ ਹਾਦਸੇ ’ਚ ਇਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਹਾਦਸਾ ਪੁਆਇੰਟ ਮੋੜ ’ਤੇ ਹੋਂਡਾ ਐਕਟਿਵਾ ਏਜੰਸੀ ਨੇੜੇ ਵਾਪਰਿਆ, ਜਿੱਥੇ ਗਲਤ ਦਿਸ਼ਾ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਔਰਤ ਨੂੰ ਕੁਚਲ ਦਿੱਤਾ। ਮ੍ਰਿਤਕਾ ਦੀ ਪਛਾਣ ਪਰਮਜੀਤ ਕੌਰ ਵਾਸੀ ਬਾਬਾ ਮੋਹਨ ਦਾਸ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਠਾਨਕੋਟ ਚੌਕ ਤੋਂ ਬਾਬਾ ਮੋਹਨ ਦਾਸ ਨਗਰ ਸਥਿਤ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਫੋਕਲ ਪੁਆਇੰਟ ਮੋੜ ਨੇੜੇ ਗਲਤ ਦਿਸ਼ਾ ਤੋਂ ਆ ਰਹੇ ਇਕ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਛੱਡ ਕੇ ਭੱਜ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਪੁਲਿਸ ਚੌਕੀ ਦੇ ਏਐੱਸਆਈ ਗੁਰਦੀਸ਼ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਏਐੱਸਆਈ ਗੁਰਦੀਸ਼ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਲੋਕੇਸ਼ਨ ਦਾ ਪਤਾ ਲਗਾ ਲਿਆ ਗਿਆ ਹੈ ਤੇ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕਾ ਦੇ ਪੁੱਤਰ ਜਸਕਰਨ ਸਿੰਘ ਨੇ ਦੱਸਿਆ ਕਿ ਉਸਨੇ ਹਾਦਸੇ ਸਮੇਂ ਆਪਣੇ ਮੋਬਾਈਲ ਫੋਨ ਤੇ ਟਰੱਕ ਤੇ ਡਰਾਈਵਰ ਦੀ ਫੋਟੋ ਖਿੱਚੀ ਸੀ। ਇਹ ਫੋਟੋ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ, ਜਿਸ ਨਾਲ ਮੁਲਜ਼ਮ ਡਰਾਈਵਰ ਦੀ ਪਛਾਣ ਕਰਨ ’ਚ ਮਦਦ ਮਿਲੇਗੀ। ਪਰਮਜੀਤ ਕੌਰ ਦੇ ਦੋ ਬੱਚੇ ਹਨ ਤੇ ਉਸਦਾ ਪਤੀ ਟੈਕਸਟਾਈਲ ਦਾ ਕੰਮ ਕਰਦਾ ਹੈ। ਜਿਵੇਂ ਹੀ ਪਰਿਵਾਰ ਨੂੰ ਹਾਦਸੇ ਬਾਰੇ ਪਤਾ ਲੱਗਾ, ਪਰਿਵਾਰ ਤੇ ਸੋਗ ਦੀ ਲਹਿਰ ਦੌੜ ਗਈ। ਬਾਅਦ ’ਚ ਪਰਿਵਾਰ ਔਰਤ ਦੀ ਲਾਸ਼ ਘਰ ਲੈ ਗਿਆ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਫਰਾਰ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ।