ਸਰਫੇਸ ਵਾਟਰ ਪ੍ਰੋਜੈਕਟ ਨਾਲ ਲੋਕਾਂ ਨੂੰ ਮਿਲੇਗਾ ਸਾਫ਼ ਪੀਣ ਵਾਲਾ ਪਾਣੀ
ਸਰਫੇਸ ਵਾਟਰ ਪ੍ਰੋਜੈਕਟ ਨਾਲ ਲੋਕਾਂ ਨੂੰ ਮਿਲੇਗਾ ਸਾਫ਼ ਪੀਣ ਵਾਲਾ ਪਾਣੀ, ਨਿਗਮ ਪੁਰਾਣੀਆਂ ਖ਼ਰਾਬ ਪਾਈਪਾਂ ਵੀ ਬਦਲੇਗਾ
Publish Date: Fri, 09 Jan 2026 06:55 PM (IST)
Updated Date: Fri, 09 Jan 2026 06:57 PM (IST)

-ਹਰ ਬੂੰਦ ਸਾਫ਼, ਹਰ ਘੁੱਟ ਸਿਹਤਮੰਦ, ਨਿਗਮ ਪੁਰਾਣੀਆਂ ਤੇ ਖ਼ਰਾਬ ਪਾਈਪਾਂ ਵੀ ਬਦਲੇਗਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਕਈ ਇਲਾਕਿਆਂ ਵਿਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਸਭ ਤੋਂ ਵੱਡਾ ਕਾਰਨ ਪੁਰਾਣੀ ਜਲ ਸਪਲਾਈ ਲਾਈਨ ਹੈ। ਝੁੱਗੀ-ਝੌਂਪੜੀ ਅਤੇ ਨੀਵੇਂ ਇਲਾਕਿਆਂ ਵਿੱਚ ਗੰਦਗੀ ਵਾਲੀ ਨਾਲੀ ਜਾਮ ਹੋਣ ਅਤੇ ਬਰਸਾਤ ਦੌਰਾਨ ਪਾਣੀ ਭਰਨ ਕਾਰਨ ਸੜੀ-ਗਲੀ ਪਾਈਪਾਂ ਰਾਹੀਂ ਨਾਲੀ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ। ਲੋਕਾਂ ਨੂੰ ਸਾਫ਼ ਪਾਣੀ ਉਪਲੱਬਧ ਕਰਵਾਉਣ ਲਈ ਅੰਮ੍ਰਿਤ ਯੋਜਨਾ ਤਹਿਤ 133 ਕਿੱਲੋਮੀਟਰ ਪਾਈਪ ਲਾਈਨ ਵਿਛਾਈ ਗਈ ਸੀ। ਹੁਣ ਸਰਫੇਸ ਵਾਟਰ ਪ੍ਰੋਜੈਕਟ ਰਾਹੀਂ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਪ੍ਰੋਜੈਕਟ ਲਗਭਗ 80 ਫੀਸਦੀ ਤੱਕ ਪੂਰਾ ਹੋ ਚੁੱਕਾ ਹੈ ਅਤੇ ਇਸ ਸਾਲ ਦੇ ਅੰਤ ਤੱਕ ਲੋਕਾਂ ਨੂੰ 24 ਘੰਟੇ ਸਤਲੁਜ ਦਰਿਆ ਦਾ ਸਾਫ਼ ਪਾਣੀ ਮਿਲਣ ਦੀ ਉਮੀਦ ਹੈ। ਕਰੀਬ 850 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਸਰਫੇਸ ਵਾਟਰ ਪ੍ਰੋਜੈਕਟ ਦੇ ਪਹਿਲੇ ਚਰਨ ਤਹਿਤ ਆਦਮਪੁਰ ਦੇ ਪਿੰਡ ਜਗਰਾਵਾਂ ਵਿੱਚ ਪਾਣੀ ਸਾਫ਼ ਕਰਨ ਦਾ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ। ਇਸ ਪਲਾਂਟ ਤੱਕ ਸਤਲੁਜ ਦਰਿਆ ਦਾ ਪਾਣੀ ਬਿਸਤ ਦੋਆਬਾ ਨਹਿਰ ਰਾਹੀਂ ਲਿਆਂਦਾ ਜਾਵੇਗਾ। ਪਲਾਂਟ ਵਿੱਚ ਪਾਣੀ ਸਾਫ਼ ਕਰਨ ਤੋਂ ਬਾਅਦ ਪਾਈਪ ਲਾਈਨਾਂ ਰਾਹੀਂ ਸ਼ਹਿਰ ਤੱਕ ਪਹੁੰਚਾਇਆ ਜਾਵੇਗਾ। ਸ਼ਹਿਰ ਵਿੱਚ ਮੁੱਖ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਪੰਜ ਜ਼ਮੀਨ ਹੇਠਾਂ ਪਾਣੀ ਦੇ ਟੈਂਕ ਵੀ ਬਣਾਏ ਜਾ ਰਹੇ ਹਨ। ਪੁਰਾਣੀਆਂ ਉੱਚੀਆ ਬਣੀਆਂ ਪਾਣੀ ਦੀਆਂ ਟੈਂਕੀਆਂ ਨੂੰ ਵੀ ਇਸ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ। ਇਸ ਨਾਲ ਇਹ ਪੱਕਾ ਹੋ ਜਾਵੇਗਾ ਕਿ ਪਾਣੀ ਦੀ ਸਪਲਾਈ ਢੰਗ ਨਾਲ ਹੋ ਰਹੀ ਹੈ ਅਤੇ ਜਿੱਥੇ-ਜਿੱਥੇ ਪਾਣੀ ਖ਼ਰਾਬ ਆਵੇਗਾ, ਉੱਥੇ ਸੁਧਾਰ ਕੀਤਾ ਜਾਵੇਗਾ। ਇਸ ਲਈ ਨਗਰ ਨਿਗਮ ਨੇ 600 ਕਰੋੜ ਰੁਪਏ ਦਾ ਵੱਖਰਾ ਪ੍ਰੋਜੈਕਟ ਵੀ ਤਿਆਰ ਕੀਤਾ ਹੋਇਆ ਹੈ। ਸ਼ਹਿਰ ਵਿੱਚ ਲਗਭਗ 500 ਕਿੱਲੋਮੀਟਰ ਪਾਈਪ ਲਾਈਨ ਬਦਲਣ ਦੀ ਲੋੜ ਹੈ ਪਰ ਫੰਡ ਦੀ ਘਾਟ ਕਾਰਨ ਇਸ ਵਿੱਚ ਦੇਰੀ ਹੋ ਰਹੀ ਹੈ। ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਓ ਐਂਡ ਐੱਮ ਜਸਪਾਲ ਸਿੰਘ ਅਤੇ ਸਹਾਇਕ ਇੰਜੀਨੀਅਰ ਗਗਨ ਲੂਥਰਾ ਨੇ ਕਿਹਾ ਕਿ ਅੰਮ੍ਰਿਤ ਯੋਜਨਾ ਹੇਠਾਂ ਇੰਨਾ ਵੱਡਾ ਫੰਡ ਮਿਲਣਾ ਸੰਭਵ ਨਹੀਂ, ਇਸ ਲਈ ਸਰਕਾਰ ਅਤੇ ਹੋਰ ਯੋਜਨਾਵਾਂ ਰਾਹੀਂ ਫੰਡ ਇਕੱਠਾ ਕੀਤਾ ਜਾਵੇਗਾ। ਸਰਫੇਸ ਵਾਟਰ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ 500 ਕਿੱਲੋਮੀਟਰ ਪਾਈਪ ਲਾਈਨ ਬਦਲੀ ਜਾਵੇਗੀ ਅਤੇ ਇਸ ਦੌਰਾਨ ਫੰਡ ਪ੍ਰਾਪਤੀ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ। ਨਾਲ ਹੀ ਨਗਰ ਨਿਗਮ ਦੇ ਕੁਨੈਕਸ਼ਨਾਂ ਨਾਲ ਜੁੜੇ ਪੁਰਾਣੇ ਤੇ ਖ਼ਰਾਬ ਕੁਨੈਕਸ਼ਨਾਂ ਨੂੰ ਵੀ ਠੀਕ ਕੀਤਾ ਜਾਵੇਗਾ, ਕਿਉਂਕਿ ਦੂਸ਼ਿਤ ਪਾਣੀ ਦੀ ਸਪਲਾਈ ਦਾ ਇੱਕ ਵੱਡਾ ਕਾਰਨ ਪੁਰਾਣੇ ਕਨੈਕਸ਼ਨ ਵੀ ਹਨ। ਉਨ੍ਹਾਂ ਕਿਹਾ ਕਿ ਨਵੀਂ ਲੈਬ ਸਥਾਪਤ ਹੋਣ ਨਾਲ ਪਾਣੀ ਦੀ ਜਾਂਚ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੋ ਗਈ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਇਕ ਵਾਰ ਵਰਤਣ ਵਾਲੀਆਂ ਜਾਂਚ ਕਿੱਟਾਂ ਰਾਹੀਂ ਪਾਣੀ ਦੀ ਜਾਂਚ ਨੂੰ ਵੀ ਤੇਜ਼ ਕੀਤਾ ਜਾਵੇਗਾ। ਨਾਲੀ ਪ੍ਰਣਾਲੀ ਦੀ ਸਫਾਈ ਲਈ ਵੀ ਨਗਰ ਨਿਗਮ ਨੇ ਪ੍ਰੋਜੈਕਟ ਤਿਆਰ ਕੀਤਾ ਹੈ। ਸ਼ਕਤੀਸ਼ਾਲੀ ਸੱਕਸ਼ਨ ਮਸ਼ੀਨਾਂ ਨਾਲ ਸਾਰੀਆਂ ਮੁੱਖ ਨਾਲੀਆਂ ਸਾਫ਼ ਕਰਨ ਨਾਲ ਨਾਲੀ ਜਾਮ ਹੋਣ ਦੀ ਸਮੱਸਿਆ ਘੱਟ ਹੋਵੇਗੀ। --- ਬਾਇਓ ਮਾਇਨਿੰਗ ਤੇ ਕੂੜਾ ਪ੍ਰਕਿਰਿਆ ਪਲਾਂਟ ਨਾਲ ਵਰਿਆਣਾ ਡੰਪ ਇਲਾਕੇ ਦੇ ਹਾਲਾਤ ਸੁਧਰਣਗੇ ਵਰਿਆਣਾ ਵਿੱਚ ਸਥਿਤ ਕੂੜੇ ਦੇ ਡੰਪ ਦੇ ਆਸ-ਪਾਸ ਦਾ ਇਲਾਕਾ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਵਿੱਚ ਸ਼ਹਿਰ ਦਾ ਸਭ ਤੋਂ ਸੰਵੇਦਨਸ਼ੀਲ ਕੇਂਦਰ ਹੈ। ਲਗਭਗ 50 ਸਾਲਾਂ ਤੋਂ ਇਸ ਥਾਂ ‘ਤੇ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਕੂੜੇ ਤੋਂ ਨਿਕਲਣ ਵਾਲੀ ਗੰਦਗੀ ਜ਼ਮੀਨ ਹੇਠਾਂ ਵੜ ਰਹੀ ਹੈ, ਜਿਸ ਨਾਲ ਜ਼ਮੀਨਦੋਜ਼ ਪਾਣੀ ਦੂਸ਼ਿਤ ਹੋ ਚੁੱਕਾ ਹੈ। ਗੌਤਮ ਨਗਰ, ਨਿਊ ਗੌਤਮ ਨਗਰ, ਮਾਤਾ ਸੰਤ ਕੌਰ ਨਗਰ ਸਮੇਤ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿਚ ਹਰ ਸਾਲ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਲੋਕ ਬਿਮਾਰ ਪੈਂਦੇ ਹਨ। ਡੰਪ ਦੇ ਨੇੜਲੇ ਇਲਾਕਿਆਂ ਦਾ ਜ਼ਮੀਨਦੋਜ਼ ਪਾਣੀ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ ਅਤੇ ਲਗਭਗ 50 ਹਜ਼ਾਰ ਲੋਕ ਇਸ ਨਾਲ ਪ੍ਰਭਾਵਿਤ ਹਨ। ਨਗਰ ਨਿਗਮ ਵੱਲੋਂ ਪੁਰਾਣੇ ਕੂੜੇ ਨੂੰ ਖ਼ਤਮ ਕਰਨ ਲਈ ਬਾਇਓ ਮਾਈਨਿੰਗ ਪ੍ਰੋਜੈਕਟ ਸ਼ੁਰੂ ਕੀਤਾ ਜਾ ਚੁੱਕਾ ਹੈ। ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਨਾਲ ਪੁਰਾਣਾ ਕੂੜਾ ਹੌਲੀ-ਹੌਲੀ ਖ਼ਤਮ ਹੋ ਜਾਵੇਗਾ। ਇਸ ਦੇ ਨਾਲ ਨਵੇਂ ਕੂੜੇ ਦੀ ਪ੍ਰਕਿਰਿਆ ਲਈ ਵੀ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਨਾਲ ਡੰਪ ‘ਤੇ ਕੂੜਾ ਇਕੱਠਾ ਨਹੀਂ ਹੋਵੇਗਾ ਅਤੇ ਕੂੜੇ ਤੋਂ ਨਿਕਲਣ ਵਾਲਾ ਗੰਦਾ ਪਾਣੀ ਜ਼ਮੀਨ ਵਿੱਚ ਨਹੀਂ ਸਮਾਵੇਗਾ।