ਹਾਈਟੈੱਕ ਡਾਕਘਰ ’ਚ ਨੌਜਵਾਨਾਂ ਲਈ ਵਾਈਫਾਈ ਤੇ ਗੇਮਾਂ ਦੀ ਸੁਵਿਧਾ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Mon, 30 Mar 2026 08:17 PM (IST)
Updated Date: Mon, 30 Mar 2026 08:18 PM (IST)
ਸ਼ਹਿਰ ’ਚ ਡਾਕ ਸੇਵਾਵਾਂ ਹੁਣ ਨਵੇਂ ਅੰਦਾਜ਼ ’ਚ ਸ਼ੁਰੂ ਹੋ ਗਈਆਂ ਹਨ। ਨੌਜਵਾਨਾਂ ਨੂੰ ਡਾਕ ਸੇਵਾਵਾਂ ਵੱਲ ਆਕਰਸ਼ਿਤ ਕਰਨ ਲਈ ਸ਼ਹਿਰ ਦਾ ਪਹਿਲਾ ਨੈਕਸ ਜਨਰੇਸ਼ਨ ਡਾਕਘਰ ਸੋਮਵਾਰ ਨੂੰ ਐੱਨਆਈਟੀ ਵਿਚ ਸ਼ੁਰੂ ਕੀਤਾ ਗਿਆ। ਇਸ ਦਾ ਉਦਘਾਟਨ ਮੁੱਖ ਮਹਿਮਾਨ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ ਦੇ ਡਾਇਰੈਕਟਰ ਬਿਨੋਦ ਕੁਮਾਰ ਕਨੌਜੀਆ ਨੇ ਕੀਤਾ। ਇਸ ਮੌਕੇ ’ਤੇ ਡਾਕ ਵਿਭਾਗ ਦੇ ਡਾਕ ਸੇਵਾਵਾਂ ਦੇ ਡਾਇਰੈਕਟਰ ਵੈਸਟ ਰੀਜਨ ਡਾ. ਪਰਵੀਨ ਕੁਮਾਰ ਸਾਰਸਵਤ ਵੀ ਮੌਜੂਦ ਸਨ। ਉਦਘਾਟਨ ਤੋਂ ਬਾਅਦ, ਉਨ੍ਹਾਂ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ।
ਉਨ੍ਹਾਂ ਦੱਸਿਆ ਕਿ ਬਦਲਦੇ ਸਮੇਂ ਤੇ ਨੌਜਵਾਨਾਂ ਦੀ ਪਸੰਦ ਨੂੰ ਧਿਆਨ ’ਚ ਰੱਖਦਿਆਂ, ਇਸ ਡਾਕਘਰ ਨੂੰ ਆਧੁਨਿਕ ਡਿਜ਼ਾਈਨ ਦਿੱਤਾ ਗਿਆ ਹੈ। ਡਾਕਘਰ ਦੀਆਂ ਕੰਧਾਂ ਨੂੰ ਇੰਜੀਨੀਅਰਿੰਗ ਨਾਲ ਜੁੜੇ ਉਪਕਰਨਾਂ ਤੇ ਤਕਨਾਲੋਜੀ ਨਾਲ ਸਬੰਧਤ ਤਸਵੀਰਾਂ ਨਾਲ ਸਜਾਇਆ ਗਿਆ ਹੈ। ਡਾਕਘਰ ’ਚ ਮੁਫਤ ਵਾਈਫਾਈ ਦੀ ਸਹੂਲਤ ਦੇ ਨਾਲ-ਨਾਲ ਸ਼ਤਰੰਜ ਖੇਡਣ ਦੇ ਵੀ ਪ੍ਰਬੰਧ ਕੀਤੇ ਗਏ ਹਨ। ਡਾਕਘਰ ’ਚ ਆਉਣ ਵਾਲੇ ਵਿਦਿਆਰਥੀਆਂ ਨੂੰ ਸੇਵਾਵਾਂ ਦੇਣ ਲਈ ਤਿੰਨ ਮੈਂਬਰਾਂ ਦਾ ਸਟਾਫ ਤਾਇਨਾਤ ਕੀਤਾ ਗਿਆ ਹੈ। ਇੱਥੇ ਕੋ-ਵਰਕਿੰਗ ਸਪੇਸ ਵੀ ਰੱਖੀ ਗਈ ਹੈ। ਵਿਦਿਆਰਥੀਆਂ ਲਈ ਆਰਾਮਦਾਇਕ ਬੈਠਣ ਦੇ ਪ੍ਰਬੰਧਾਂ ਲਈ ਆਧੁਨਿਕ ਫਰਨੀਚਰ ਦੀ ਸਹੂਲਤ ਦਿੱਤੀ ਗਈ ਹੈ।
ਇਸ ਮੌਕੇ ’ਤੇ ਜਲੰਧਰ ਡਵੀਜ਼ਨ ਦੇ ਐੱਸਪੀਓ ਹਰਜੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਨੌਜਵਾਨਾਂ ਨੂੰ ਡਾਕਘਰ ਦੀਆਂ ਸੇਵਾਵਾਂ ਦੇ ਲਾਭਾਂ ਵੱਲ ਆਕਰਸ਼ਿਤ ਕਰਨ ਲਈ ਨੈਕਸ ਜਨਰੇਸ਼ਨ ਡਾਕਘਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਡਾਕਘਰ ’ਚ ਬੈਂਕਿੰਗ, ਪਾਰਸਲ ਬੁਕਿੰਗ, ਫਾਇਨੈਂਸ ਤੇ ਹੋਰ ਸੇਵਾਵਾਂ ਵੀ ਉਪਲੱਬਧ ਹੋਣਗੀਆਂ। ਸਾਰੀਆਂ ਸੇਵਾਵਾਂ ਲਈ ਕਿਊਆਰ ਕੋਡ ਰਾਹੀਂ ਡਿਜੀਟਲ ਭੁਗਤਾਨ ਦੀ ਸਹੂਲਤ ਹੋਵੇਗੀ ਤੇ ਗਾਹਕਾਂ ਨੂੰ ਮੁਫਤ ਵਾਈ-ਫਾਈ ਵੀ ਮਿਲੇਗਾ। ਇਸ ਤੋਂ ਇਲਾਵਾ, ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਸੈਲਫੀ ਪੁਆਇੰਟ, ਕਸਟਮਾਈਜ਼ਡ ਡਾਕ ਟਿਕਟ ਬਣਾਉਣ ਦੀ ਸਹੂਲਤ ਤੇ ਸੌਖੀ ਪਾਰਸਲ ਸੇਵਾ ਦਿੱਤੀ ਜਾਵੇਗੀ।
ਅੰਤ ’ਚ ਉਦਘਾਟਨ ਸਮਾਗਮ ’ਚ ਪੁੱਜੇ ਮੁੱਖ ਮਹਿਮਾਨ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਫੋਟੋਆਂ ਵਾਲੀਆਂ ਡਾਕ ਟਿਕਟਾਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਨਆਈਟੀ ਅਤੇ ਡਾਕ ਵਿਭਾਗ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ ਵੀ ਮੌਜੂਦ ਸਨ।