ਵਿਧਵਾ ਦੇ ਹੱਕ ਨਿੱਤਰੀਆਂ ਜਥੇਬੰਦੀਆਂ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਥਾਣੇ ਅੱਗੇ ਮੋਰਚੇ ਨੂੰ ਪਿਆ ਬੂਰ
Publish Date: Tue, 10 Mar 2026 08:18 PM (IST)
Updated Date: Tue, 10 Mar 2026 08:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ 9 ਮਾਰਚ ਨੂੰ ਬਿਲਗਾ ਥਾਣੇ ਅੱਗੇ ਮੋਰਚਾ ਲਾਇਆ ਗਿਆ। ਮੋਰਚੇ ਦੌਰਾਨ ਪੁਲਿਸ ਨੂੰ ਮਜ਼ਬੂਰ ਹੋਣਾ ਪਿਆ ਕਿ ਔਰਤ ਦੇ ਘਰ ਅੰਦਰ ਜ਼ਬਰਦਸੀ ਦਾਖ਼ਲ ਹੋ ਕੇ ਮਕਾਨ ਦੇ ਛੱਤ ਢਾਹਣ ਤੇ ਘਰੇਲੂ ਸਾਮਾਨ ਚੁੱਕ ਕੇ ਲਿਜਾਣ ਵਾਲਿਆਂ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਨੇ ਐਲਾਨ ਕੀਤਾ ਕਿ ਕਰਜ਼ੇ ਬਦਲੇ ਕਿਸੇ ਵੀ ਗਰੀਬ ਪਰਿਵਾਰ ਦਾ ਘਰ ਜਾਂ ਜ਼ਮੀਨ ਕੁਰਕ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜਥੇਬੰਦੀਆਂ ਨੇ ਕਿਹਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲੋਕ ਪੱਕਾ ਰੁਜ਼ਗਾਰ ਨਹੀਂ ਲੱਭ ਰਹੇ ਤੇ ਬੈਂਕਾਂ ਤੋਂ ਕਰਜ਼ਾ ਨਾ ਮਿਲਣ ਕਾਰਨ ਲੋਕ ਸ਼ਾਹੂਕਾਰਾਂ ਤੇ ਫਾਈਨਾਂਸਰਾਂ ਦੇ ਮੱਕੜਜਾਲ ’ਚ ਫਸ ਜਾਂਦੇ ਹਨ। ਇਸ ਮਾਮਲੇ ’ਚ ਵੀ ਬਿਲਗਾ ਦੇ ਵਿਧਵਾ ਪਰਿਵਾਰ ਨਾਲ ਅਜਿਹਾ ਹੀ ਹੋਇਆ। ਉਕਤ ਪਰਿਵਾਰ ਦੀ ਅਪਾਹਜ ਲੜਕੀ ਨੇ ਦੱਸਿਆ ਕਿ 20 ਫਰਵਰੀ ਤੇ 5 ਮਾਰਚ ਨੂੰ ਹਰਮਿੰਦਰ ਪਾਲ ਤੇ ਹੋਰ ਲੋਕ ਘਰ ’ਚ ਜ਼ਬਰਦਸਤੀ ਦਾਖ਼ਲ ਹੋਏ, ਘਰ ਦੇ ਕਮਰੇ ਤੇ ਛੱਤਾਂ ਨੁਕਸਾਨ ਪਹੁੰਚਾਇਆ ਤੇ ਘਰੇਲੂ ਸਾਮਾਨ ਚੋਰੀ ਕਰ ਲਿਆ। ਮਹਿਲਾ ਮੰਡਲ ਦੀ ਪ੍ਰਧਾਨ ਉਸ਼ਾ ਰਾਣੀ ਨੇ ਵੀ ਇਸ ਘਟਨਾ ’ਚ ਸ਼ਾਮਲ ਹੋ ਕੇ ਧੱਕੇ ਦੇਣੇ ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਦਦ ਨਾ ਕਰਕੇ ਪੀੜਤ ਪਰਿਵਾਰ ਨੂੰ ਨਿਆਂ ਲਈ ਸੰਘਰਸ਼ ਕਰਨ ’ਤੇ ਮਜ਼ਬੂਰ ਕੀਤਾ। ਜਥੇਬੰਦੀਆਂ ਨੇ ਫਾਇਨਾਂਸਰ ਤੇ ਹਮਾਇਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ, ਚੋਰੀ ਕੀਤਾ ਸਾਮਾਨ ਪਰਿਵਾਰ ਨੂੰ ਵਾਪਸ ਕਰਨ ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਜਥੇਬੰਦੀਆਂ ਵਧੇਰੇ ਸੰਘਰਸ਼ ਲਈ ਮਜ਼ਬੂਰ ਹੋਣਗੀਆਂ। ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਚੰਨਣ ਸਿੰਘ ਬੁੱਟਰ, ਦਰਸ਼ਨਪਾਲ ਬੁੰਡਾਲਾ, ਨੌਜਵਾਨ ਭਾਰਤ ਸਭਾ ਦੇ ਕੁਲਜੀਤ ਬਿਲਗਾ ਆਦਿ ਨੇ ਵੀ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸੰਬੋਧਨ ਕੀਤਾ।