ਕਣਕ ਦਾ ਦਾਣਾ-ਦਾਣਾ ਖ਼ਰੀਦਣ ਦਾ ਦਿੱਤਾ ਭਰੋਸਾ
ਦਾਣਾ ਮੰਡੀਆਂ ’ਚ ਕਣਕ ਦੀ ਖਰੀਦ ਸ਼ੁਰੂ, ਹਰ ਦਾਣਾ ਖਰੀਦਣ ਦਾ ਭਰੋਸਾ
Publish Date: Wed, 15 Apr 2026 07:17 PM (IST)
Updated Date: Wed, 15 Apr 2026 07:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਵੱਲੋਂ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਫਸਲ ਦੀ ਕਟਾਈ ’ਚ ਦੇਰੀ ਹੋ ਗਈ। ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਨਾ ਕਰਨ ’ਤੇ ਫੂਡ ਇੰਸਪੈਕਟਰਾਂ ਦੀ ਹੜਤਾਲ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਆਪਣੀ ਫਸਲ ਲੈ ਕੇ ਮੰਡੀਆਂ ’ਚ ਭਟਕਦੇ ਰਹੇ। ਅੱਜ ਮਾਰਕੀਟ ਕਮੇਟੀ ਫਿਲੌਰ ਤੇ ਗੁਰਾਇਆ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਕਣਕ ਦੀ ਖਰੀਦ ਸਰਕਾਰੀ ਤੌਰ ’ਤੇ ਸ਼ੁਰੂ ਕਰਵਾ ਦਿੱਤੀ ਗਈ। ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਚੇਅਰਮੈਨ ਰੋਸ਼ਨ ਲਾਲ ਰੋਸ਼ੀ (ਮਾਰਕੀਟ ਕਮੇਟੀ ਫਿਲੌਰ), ਪ੍ਰਦੀਪ ਦੁੱਗਲ (ਚੇਅਰਮੈਨ, ਮਾਰਕੀਟ ਕਮੇਟੀ ਗੁਰਾਇਆ), ਦਲਵੀਰ ਸਿੰਘ ਸਕੱਤਰ ਤੇ ਗੁਰਪ੍ਰੀਤ ਸਿੰਘ ਪੁਰੇਵਾਲ ਮਾਰਕੀਟ ਸੁਪਰਵਾਈਜ਼ਰ ਹਾਜ਼ਰ ਰਹੇ। ਇਸ ਦੌਰਾਨ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਕਣਕ ਦਾ ਇਕ-ਇਕ ਦਾਣਾ ਖਰੀਦੇਗੀ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਹੂਜਾ, ਡੀਐੱਫਐੱਸਓ ਰਾਜ ਕੁਮਾਰ, ਤਰਨਜੀਤ ਸਿੰਘ ਸਮੇਤ ਹੋਰ ਅਧਿਕਾਰੀ, ਆੜ੍ਹਤੀਏ, ਕਿਸਾਨ ਤੇ ਮਜ਼ਦੂਰ ਵੀ ਮੌਜੂਦ ਸਨ।