ਜਲੰਧਰ ਕੈਂਟ ’ਚ ਕਣਕ ਦੀ ਲਿਫਟਿੰਗ ਠੱਪ : ਸੰਘਾ
ਕਿਸਾਨਾਂ ਨਾਲ ਧੋਖਾ ਬੰਦ ਕਰੇ ਸਰਕਾਰ – ਜਲੰਧਰ ਕੈਂਟ ‘ਚ ਕਣਕ ਦੀ ਲਿਫਟਿੰਗ ਠੱਪ – ਹਰਜਾਪ ਸਿੰਘ ਸੰਘਾ
Publish Date: Tue, 14 Apr 2026 08:32 PM (IST)
Updated Date: Tue, 14 Apr 2026 08:36 PM (IST)
-ਕੁੱਕੜਪਿੰਡ ਮੰਡੀ ’ਚ ਨਾ ਬਾਰਦਾਨਾ ਮੌਜੂਦ ਹੈ ਤੇ ਨਾ ਲਿਫਟਿੰਗ ਹੋ ਰਹੀ ਹੈ
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਹਲਕੇ ’ਚ ਕਣਕ ਦੀ ਖਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਤੇ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋ.ਅ.ਦ ਤੋਂ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਦੱਸਿਆ ਕਿ ਕੁੱਕੜਪਿੰਡ ਮੰਡੀ ’ਚ ਕਿਸਾਨ ਬਾਰਦਾਨੇ ਦੀ ਉਡੀਕ ਕਰਦੇ ਕਰਦੇ ਥੱਕ ਚੁੱਕੇ ਹਨ, ਜਦਕਿ ਫਸਲ ਦੀ ਨਮੀ 12% ਤੱਕ ਪਹੁੰਚ ਚੁੱਕੀ ਹੈ ਫਿਰ ਵੀ ਨਾ ਮੰਡੀ 'ਚ ਬੋਰੀਆਂ ਮੌਜੂਦ ਹਨ ਤੇ ਨਾ ਹੀ ਕਣਕ ਦੀ ਲਿਫਟਿੰਗ ਹੋ ਰਹੀ ਹੈ। ਸੰਘਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੰਡੀਆਂ ਵਿੱਚ ਕੋਈ ਪੁਖਤਾ ਪ੍ਰਬੰਧ ਨਹੀਂ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 1.35 ਲੱਖ ਏਕੜ ਫਸਲ ਪਹਿਲਾਂ ਹੀ ਬੇਮੌਸਮੀ ਬਾਰਿਸ਼ ਤੇ ਹੀਟਵੇਵ ਨਾਲ ਬਰਬਾਦ ਹੋ ਚੁੱਕੀ ਹੈ। ਇਸਦੇ ਬਾਵਜੂਦ ਸਰਕਾਰ ਦੀ ਲਾਪਰਵਾਹੀ ਕਿਸਾਨਾਂ ਲਈ ਹੋਰ ਵੱਡਾ ਸੰਕਟ ਬਣ ਰਹੀ ਹੈ। ਉਨ੍ਹਾ ਨੇ ਦੋਸ਼ ਲਾਇਆ ਕਿ ਕਿਸਾਨ ਭਰੀਆਂ ਟਰਾਲੀਆਂ ਮੰਡੀਆਂ ਵਿੱਚ ਛੱਡਣ ਤੋਂ ਡਰ ਰਹੇ ਹਨ ਕਿਉਂਕਿ ਮੌਜੂਦਾ ਹਾਲਾਤ ਵਿੱਚ ਫਸਲ ਦੇ ਗੁੰਮ ਹੋਣ ਜਾਂ ਭੁਗਤਾਨ ਨਾ ਮਿਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। "ਆਪ" ਦੇ ਕੁਝ ਮੰਤਰੀਆਂ ਅਤੇ ਆਗੂਆਂ ‘ਤੇ ਟਰਾਲੀਆਂ ਨਾਲ ਗੜਬੜ ਕਰਨ ਤੇ ਭੁਗਤਾਨ ਵਿੱਚ ਟਾਲਮਟੋਲ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਤੁਰੰਤ ਬਰਦਾਨਾ ਮੁਹੱਈਆ ਕਰਵਾ ਕੇ ਲਿਫਟਿੰਗ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ ਅਤੇ ਸਰਕਾਰ ਨੂੰ ਇਸ ਦੀ ਪੂਰੀ ਜ਼ਿੰਮੇਵਾਰੀ ਲੈਣੀ ਪਵੇਗੀ।