ਬਾਰਿਸ਼ ਨਾਲ ਖੇਤਾਂ ’ਚ ਵਿਛੀ ਕਣਕ ਦੀ ਫ਼ਸਲ
ਬਾਰਿਸ਼ ਨਾਲ ਖੇਤਾਂ ’ਚ ਡਿੱਗ ਗਈ ਕਣਕ ਦੀ ਫਸਲ, ਫਿਲਹਾਲ ਨੁਕਸਾਨ ਤੋਂ ਬਚਾਵ
Publish Date: Thu, 09 Apr 2026 10:47 PM (IST)
Updated Date: Thu, 09 Apr 2026 10:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਰਿਸ਼, ਹਨੇਰੀ ਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਖੇਤਾਂ ’ਚ ਵਿਛ ਗਈ ਹੈ। ਇਸ ਸਮੱਸਿਆ ਨੂੰ ਲੈ ਕੇ ਕਿਸਾਨਾਂ ਨੂੰ ਫਸਲ ਖਰਾਬ ਹੋਣ ਦੀ ਚਿੰਤਾ ਸਤਾਉਣ ਲੱਗ ਪਈ ਹੈ, ਹਾਲਾਂਕਿ ਖੇਤੀਬਾੜੀ ਵਿਭਾਗ ਵੱਲੋਂ ਫਿਲਹਾਲ ਫਸਲ ਨੂੰ ਕਿਸੇ ਵੀ ਨੁਕਸਾਨ ਤੋਂ ਇਨਕਾਰ ਕੀਤਾ ਗਿਆ ਹੈ। ਬਾਰਿਸ਼ ਤੋਂ ਬਾਅਦ ਭੋਗਪੁਰ, ਕਾਲਾ ਬਕਰਾ, ਸੰਘਵਾਲ, ਕਰਾੜੀ, ਬੱਲਾ, ਰਾਏਪੁਰ, ਨੌਗੱਜਾ, ਅਲਾਵਲਪੁਰ ਤੇ ਬਿਆਸ ਪਿੰਡ, ਨਕੋਦਰ ਦੇ ਆਸ-ਪਾਸ, ਆਦਮਪੁਰ, ਕਰਤਾਰਪੁਰ ਤੇ ਨੂਰਮਹਿਲ ਦੇ ਕੁਝ ਪਿੰਡਾਂ ’ਚ ਕਣਕ ਦੀ ਫਸਲ ਖੇਤਾਂ ’ਚ ਡਿੱਗ ਗਈ ਹੈ। ਪਿੰਡ ਰਾਣੀ ਭੱਟੀ ਦੇ ਕਿਸਾਨ ਮੁਕੇਸ਼ ਚੰਦਰ ਦਾ ਕਹਿਣਾ ਹੈ ਕਿ ਇਸ ਵਾਰ ਕਣਕ ਦੀ ਫਸਲ ਚੰਗੀ ਹੋਈ ਸੀ ਪਰ ਕਟਾਈ ਤੋਂ ਠੀਕ ਪਹਿਲਾਂ ਬਾਰਿਸ਼, ਹਨੇਰੀ ਤੇ ਗੜੇਮਾਰੀ ਕਾਰਨ ਫਸਲ ਵਿਛ ਗਈ ਹੈ। ਉਨ੍ਹਾਂ ਕਿਹਾ ਕਿ ਫਸਲ ਨੂੰ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਅਗਲੇ ਕੁਝ ਦਿਨਾਂ ’ਚ ਹੀ ਲੱਗੇਗਾ। ਫਿਲਹਾਲ ਕਿਸਾਨ ਕਾਫੀ ਚਿੰਤਤ ਹਨ। ਇਸੇ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹੇ ’ਚ ਸਰਵੇ ਕਰਵਾਇਆ ਹੈ ਤੇ ਫਿਲਹਾਲ ਕਣਕ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੋਇਆ। ਤੇਜ਼ ਹਵਾਵਾਂ ਕਾਰਨ ਕੁਝ ਪਿੰਡਾਂ ’ਚ ਫਸਲ ਦਾ ਤਣਾ ਝੁੱਕ ਗਿਆ ਹੈ, ਜੋ ਅਗਲੇ ਦੋ-ਤਿੰਨ ਦਿਨਾਂ ’ਚ ਧੁੱਪ ਲੱਗਣ ਨਾਲ ਮੁੜ ਖੜ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਖੇਤਾਂ ’ਚ ਪਾਣੀ ਖੜ੍ਹਾ ਰਹਿੰਦਾ ਹੈ ਤੇ ਫਸਲ ਡਿੱਗੀ ਰਹਿੰਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ’ਚ 1.73 ਲੱਖ ਹੈਕਟੇਅਰ ’ਚ ਕਣਕ ਦੀ ਬਿਜਾਈ ਕੀਤੀ ਗਈ ਸੀ। ਖੇਤਾਂ ’ਚ ਮਿੱਟੀ ਸੁੱਕਣ ਤੋਂ ਬਾਅਦ ਅਗਲੇ ਹਫ਼ਤੇ ਕਟਾਈ ਦਾ ਕੰਮ ਸ਼ੁਰੂ ਹੋ ਜਾਵੇਗਾ।