ਮੰਡੀਆਂ ’ਚ ਕਣਕ ਦੀ ਆਮਦ ਜਾਰੀ, ਖ਼ਰੀਦ ਨਹੀਂ ਹੋ ਸਕੀ ਸ਼ੁਰੂ
ਫਿਲੌਰ, ਗੁਰਾਇਆ ਤੇ ਹੋਰ ਮੰਡੀਆਂ ’ਚ ਕਣਕ ਦੀ ਆਮਦ ਜਾਰੀ, ਖਰੀਦ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ
Publish Date: Mon, 13 Apr 2026 08:50 PM (IST)
Updated Date: Mon, 13 Apr 2026 08:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ, : ਸਬ-ਡਵੀਜ਼ਨ ਫਿਲੌਰ ਅਧੀਨ ਫਿਲੌਰ, ਗੁਰਾਇਆ ਤੇ ਹੋਰ ਮੰਡੀਆਂ ’ਚ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਖਰੀਦ ਪ੍ਰਕਿਰਿਆ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ। ਕਿਸਾਨਾਂ ਵੱਲੋਂ ਫਸਲ ਦੀ ਕਟਾਈ ਕਰਕੇ ਮੰਡੀਆਂ ’ਚ ਲਿਆਂਦੀ ਜਾ ਰਹੀ ਹੈ ਪਰ ਬੀਤੇ ਦਿਨੀਂ ਮੌਸਮ ’ਚ ਆਏ ਬਦਲਾਅ ਕਾਰਨ ਕਣਕ ਦੇ ਦਾਣੇ ਸੁੰਗੜੇ ਹੋਣ ਦੀ ਸਥਿਤੀ ਬਣ ਗਈ ਹੈ। ਇਸ ਕਾਰਨ ਖਰੀਦ ਏਜੰਸੀਆਂ ਵੱਲੋਂ ਗੁਣਵੱਤਾ (ਕੁਆਲਿਟੀ) ਦੇ ਆਧਾਰ ‘ਤੇ ਖਰੀਦ ਕਰਨ ਤੋਂ ਹਾਲੇ ਤੱਕ ਇਨਕਾਰ ਕੀਤਾ ਜਾ ਰਿਹਾ ਹੈ। ਖਰੀਦ ਨਾ ਹੋਣ ਕਾਰਨ ਮੰਡੀਆਂ ’ਚ ਕਣਕ ਦੇ ਢੇਰ ਲੱਗਣ ਲੱਗੇ ਹਨ ਤੇ ਕਿਸਾਨਾਂ ਨੂੰ ਰਾਤਾਂ ਮੰਡੀ ’ਚ ਬਿਤਾਉਣੀਆਂ ਪੈ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਿਹਨਤ ਨਾਲ ਤਿਆਰ ਫਸਲ ਮੰਡੀਆਂ ’ਚ ਰੁਲ ਰਹੀ ਹੈ ਤੇ ਤੁਰੰਤ ਖਰੀਦ ਸ਼ੁਰੂ ਹੋਣੀ ਚਾਹੀਦੀ ਹੈ। ਜੇ ਖਰੀਦ ਏਜੰਸੀਆਂ ਵੱਲੋਂ ਬਿਨਾਂ ਸ਼ਰਤ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਮੰਡੀਆਂ ’ਚ ਭੀੜ ਵਧਣ ਨਾਲ ਜਗ੍ਹਾ ਦੀ ਕਮੀ ਦੀ ਸਥਿਤੀ ਪੈਦਾ ਹੋ ਸਕਦੀ ਹੈ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਖਰੀਦ ਏਜੰਸੀਆਂ ਵੱਲੋਂ ਰੱਖੀਆਂ ਗਈਆਂ ਕੁਝ ਸ਼ਰਤਾਂ ਪੂਰੀਆਂ ਹੋਣ ਤੱਕ ਖਰੀਦ ਸ਼ੁਰੂ ਨਹੀਂ ਕੀਤੀ ਜਾ ਰਹੀ। ਇਸ ਮੌਕੇ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਹੂਜਾ ਨੇ ਆੜਤੀਆਂ, ਕਿਸਾਨਾਂ, ਮਜ਼ਦੂਰਾਂ ਤੇ ਖਰੀਦ ਏਜੰਸੀਆਂ ਨੂੰ ਅਪੀਲ ਕੀਤੀ ਕਿ ਮਸਲੇ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਖਰੀਦ ਪ੍ਰਕਿਰਿਆ ਸ਼ੁਰੂ ਹੋ ਸਕੇ ਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਮਿਲ ਸਕੇ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਰਾਹਤ ਮਿਲੇਗੀ।