ਹਫ਼ਤਾਵਾਰੀ ਸਤਿਸੰਗ ਸਮਾਗਮ ਕਰਵਾਇਆ
ਬਿਧੀਪੁਰ ਆਸ਼ਰਮ ’ਚ ਸਾਪਤਾਹਿਕ ਸਤਸੰਗ ਸਮਾਗਮ ਕਰਵਾਇਆ
Publish Date: Tue, 03 Mar 2026 06:34 PM (IST)
Updated Date: Tue, 03 Mar 2026 06:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜੋਤੀ ਜਾਗ੍ਰਤੀ ਸੰਸਥਾ ਦੇ ਬਿਧੀਪੁਰ ਆਸ਼ਰਮ ’ਚ ਸ਼ਰਧਾ, ਭਗਤੀ ਤੇ ਆਧਿਆਤਮਿਕ ਉਤਸ਼ਾਹ ਨਾਲ ਹਫ਼ਤਾਵਾਰੀ ਸਤਿਸੰਗ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਗੁਰਦੇਵ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਪੱਲਵੀ ਭਾਰਤੀ ਨੇ ਸੰਗਤ ਨੂੰ ਸੰਬੋਧਨ ਕੀਤਾ। ਸਾਧਵੀ ਨੇ ਕਿਹਾ ਕਿ ਜਿੱਥੇ ਸੰਸਾਰੀ ਮਨੁੱਖ ਐਤਵਾਰ ਦਾ ਦਿਨ ਆਰਾਮ ਤੇ ਮਨੋਰੰਜਨ ’ਚ ਬਿਤਾਉਂਦਾ ਹੈ, ਉੱਥੇ ਸੱਚਾ ਸਾਧਕ ਇਸ ਦਿਨ ਨੂੰ ਭਗਤੀ ਤੇ ਸਤਿਸੰਗ ਲਈ ਸਮਰਪਿਤ ਕਰਦਾ ਹੈ। ਉਹ ਸਵੇਰੇ ਜਲਦੀ ਉੱਠ ਕੇ ਸੰਸਾਰਿਕ ਕੰਮਾਂ ਤੋਂ ਉਪਰ ਉੱਠਦਿਆਂ ਅਧਿਆਤਮਿਕ ਉੱਨਤੀ ਵੱਲ ਕਦਮ ਵਧਾਉਂਦਾ ਹੈ। ਉਨ੍ਹਾਂ ਆਪਣੇ ਉਪਦੇਸ਼ ’ਚ ਜ਼ੋਰ ਦਿੱਤਾ ਕਿ ਪੂਰਨ ਗੁਰੂ ਦੀ ਸ਼ਰਨ ਤੋਂ ਬਿਨਾਂ ਜੀਵਨ ’ਚ ਸਾਰਥਿਕਤਾ ਸੰਭਵ ਨਹੀਂ। ਸਿਰਫ ਬਾਹਰੀ ਧਾਰਮਿਕ ਚਿੰਨ੍ਹ ਧਾਰਨ ਕਰਨ ਨਾਲ ਨਹੀਂ, ਸਗੋਂ ਗੁਰੂ ਕਿਰਪਾ ਨਾਲ ਪ੍ਰਭੂ ਦੇ ਤੱਤ ਰੂਪ ਦਾ ਅਨੁਭਵ ਕਰਕੇ ਤੇ ਚੰਗੇ ਗੁਣ ਅਪਣਾਕੇ ਹੀ ਅਸਲ ਧਰਮ ਦੀ ਸਥਾਪਨਾ ਹੁੰਦੀ ਹੈ। ਭਗਤੀ ਨੂੰ ਪੌਦੇ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਪੌਦੇ ਨੂੰ ਖਾਦ, ਪਾਣੀ ਤੇ ਸੰਭਾਲ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਾਧਕ ਲਈ ਸੇਵਾ, ਸਤਿਸੰਗ ਤੇ ਭਗਤੀ ਬਹੁਤ ਜ਼ਰੂਰੀ ਹੈ। ਗੁਰੂ ਸੇਵਾ ਨੂੰ ਜੀਵਨ ਦਾ ਸਰਬਉੱਚ ਧਰਮ ਦੱਸਦਿਆਂ ਉਨ੍ਹਾਂ ਕਿਹਾ ਕਿ ਨਿਸ਼ਠਾ ਨਾਲ ਕੀਤੀ ਸੇਵਾ ਰਾਹੀਂ ਹੀ ਗੁਰੂ ਦੀ ਪ੍ਰਸੰਨਤਾ ਤੇ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ।