2027 'ਚ ਬਸਪਾ ਸਰਕਾਰ ਬਣਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ : ਰਣਧੀਰ ਬੈਣੀਵਾਲ
2027 'ਚ ਬਸਪਾ ਸਰਕਾਰ ਬਣਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ : ਰਣਧੀਰ ਬੈਣੀਵਾਲ
Publish Date: Thu, 15 Jan 2026 09:08 PM (IST)
Updated Date: Fri, 16 Jan 2026 04:12 AM (IST)

- ਬਸਪਾ ਨੇ ਵੱਡਾ ਇਕੱਠ ਕਰ ਕੇ ਮਨਾਇਆ ਭੈਣ ਕੁਮਾਰੀ ਮਾਇਆਵਤੀ ਦਾ ਜਨਮ ਦਿਵਸ ਪੰਜਾਬੀ ਜਾਗਰਣ ਰਿਪੋਰਟਰ, ਜਲੰਧਰ : ਬਸਪਾ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਦਾ ਜਨਮ ਦਿਵਸ ਸੂਬੇ ਭਰ ’ਚ ਜਨ ਕਲਿਆਣਕਾਰੀ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ ਬਸਪਾ ਦੇ ਸਮਾਗਮਾਂ ’ਚ ਹੋਏ ਭਾਰੀ ਇਕੱਠਾਂ ਦੌਰਾਨ 2027 ’ਚ ਪੰਜਾਬ ਦੀ ਸੱਤਾ ਪ੍ਰਾਪਤੀ ਦਾ ਸੰਕਲਪ ਲਿਆ ਗਿਆ। ਅਲਾਵਲਪੁਰ ’ਚ ਜਲੰਧਰ ਜ਼ੋਨ ਦਾ ਸਮਾਗਮ ਕਰਾਇਆ ਗਿਆ, ਜਿਸ ’ਚ ਬਸਪਾ ਦੇ ਕੇਂਦਰੀ ਕੋ-ਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਨੂੰ ਸੰਬੋਧਨ ਕਰਦਿਆਂ ਬੈਣੀਵਾਲ ਨੇ ਕਿਹਾ ਕਿ 2027 ’ਚ ਬਸਪਾ ਦੀ ਸਰਕਾਰ ਬਣਾ ਕੇ ਪੰਜਾਬ ਨੂੰ ‘ਖੁਸ਼ਹਾਲ ਪੰਜਾਬ’ ਬਣਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਭੈਣ ਕੁਮਾਰੀ ਮਾਇਆਵਤੀ ਦੇ ਜਨਮ ਦਿਵਸ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਚੋਣਾਂ ’ਚ ਪੰਜਾਬ ਜਿੱਤ ਕੇ ਭੈਣ ਜੀ ਦੀ ਝੋਲੀ ਪਾਉਣਾ ਹੀ ਉਨ੍ਹਾਂ ਦੇ ਜਨਮ ਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਹੋਵੇਗਾ। ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਮਾੜੀ ਕਾਨੂੰਨ ਵਿਵਸਥਾ, ਨਸ਼ਿਆਂ, ਬੇਰੁਜ਼ਗਾਰੀ, ਬਦਹਾਲ ਸਿਹਤ-ਸਿੱਖਿਆ ਵਿਵਸਥਾ ਆਦਿ ਮਾਮਲਿਆਂ ਨੂੰ ਲੈ ਕੇ ਹਰ ਫਰੰਟ ‘ਤੇ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਨੇ ਮਨਰੇਗਾ ਸਕੀਮ ਨੂੰ ਬੰਦ ਕਰਨ ਦੀਆਂ ਸਾਜ਼ਿਸ਼ਾਂ ਦੀ ਨਿੰਦਾ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਮਜ਼ਦੂਰ ਵਿਰੋਧੀ ਦੱਸਿਆ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਸਾਲ ’ਚ 300 ਦਿਨ ਦਾ ਗਾਰੰਟੀਸ਼ੁਦਾ ਰੁਜ਼ਗਾਰ ਦਿੱਤਾ ਜਾਵੇ। ਰਣਧੀਰ ਬੈਣੀਵਾਲ ਨੇ ਕਿਹਾ ਕਿ ਪਿਛਲੇ 78 ਸਾਲਾਂ ਤੋਂ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਹੁਣ ਆਪ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਦਾ ਸਾਥ ਦਿੱਤਾ ਜਾਵੇ ਤਾਂ ਜੋ 2027 ’ਚ ‘ਬਦਹਾਲ ਪੰਜਾਬ’ ਨੂੰ ਮੁੜ ‘ਖੁਸ਼ਹਾਲ ਪੰਜਾਬ’ ਬਣਾਇਆ ਜਾ ਸਕੇ। ਇਸ ਸਮਾਗਮ ’ਚ ਬਸਪਾ ਦੇ ਸੂਬਾ ਇੰਚਾਰਜ ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ ਤੇ ਤਰਸੇਮ ਥਾਪਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਖੁਸ਼ਹਾਲ ਪੰਜਾਬ ਬਣਾਉਣ ਲਈ ਲੋਕਾਂ ਨੂੰ ਬਸਪਾ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਲਾਲ ਚੰਦ ਔਜਲਾ, ਸੂਬਾ ਦਫਤਰ ਸਕੱਤਰ ਇੰਜੀ. ਜਸਵੰਤ ਰਾਏ, ਸੂਬਾ ਸਕੱਤਰ ਪਰਮਜੀਤ ਮੱਲ, ਹਰਭਜਨ ਬਲਾਲੋਂ, ਰਾਕੇਸ਼ ਦਾਤਾਰਪੂਰੀ, ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਬਸਪਾ ਆਗੂ ਖੁਸ਼ੀ ਰਾਮ, ਸੁਖਵਿੰਦਰ ਬਿੱਟੂ, ਬਲਦੇਵ ਸਿੰਘ ਸਲਾਲਾ, ਮਦਨ ਮੱਦੀ ਕੌਂਸਲਰ, ਹਰਜਿੰਦਰ ਬਿੱਲਾ, ਸੁਖਵਿੰਦਰ ਦੁਖਿਆਰਾ, ਜਸਵੀਰ ਸਿੰਘ ਪੰਡੋਰੀ, ਦੇਵਰਾਜ ਸੁਮਨ, ਅਮਰਜੀਤ ਸਿੰਘ ਨੰਗਲ, ਸ਼ਾਦੀ ਲਾਲ, ਰਾਕੇਸ਼ ਬੱਗਾ, ਬਾਬੂ ਮੁਨੀ ਲਾਲ, ਐਡਵੋਕੇਟ ਪ੍ਰਿਤਪਾਲ, ਵਿਜੇ ਯਾਦਵ, ਜਗਦੀਸ਼ ਦੀਸ਼ਾ, ਦਵਿੰਦਰ ਗੋਗਾ ਕੌਂਸਲਰ, ਅਸ਼ੋਕ ਸਈਪੁਰ, ਜਸਵੀਰ ਕੌਰ ਸੇਮੀ, ਸਤਨਾਮ ਕੌਰ, ਨਰਿੰਦਰ ਕੌਰ ਆਦਿ ਬਸਪਾ ਆਗੂ ਮੌਜੂਦ ਸਨ।