ਦਲ ਬਦਲ ਕੇ ਆਏ ਆਗੂਆਂ ਨੂੰ ਟਿਕਟ ਦੇਣ ਦਾ ਡੱਟ ਕੇ ਵਿਰੋਧ ਕਰਾਂਗੇ : ਧਰਮਪਾਲ
ਦਲ ਬਦਲ ਕੇ ਆਏ ਆਗੂਆਂ ਨੂੰ ਟਿਕਟ ਦੇਣ ਦਾ ਡੱਟ ਕੇ ਵਿਰੋਧ ਕਰਾਂਗੇ: ਧਰਮਪਾਲ ਲੇਸੜੀਵਾਲ
Publish Date: Tue, 07 Apr 2026 08:23 PM (IST)
Updated Date: Wed, 08 Apr 2026 04:14 AM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਹਲਕਾ ਆਦਮਪੁਰ ’ਚ ਦੂਜੀਆਂ ਪਾਰਟੀਆਂ ਤੋਂ ਆ ਰਹੇ ਆਗੂਆਂ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਧਰਮਪਾਲ ਲੇਸੜੀਵਾਲ ਨੇ ਕੜ੍ਹਾ ਰੁਖ ਅਪਣਾਇਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਦਲ ਬਦਲ ਕੇ ਆਏ ਕਿਸੇ ਵੀ ਵਿਅਕਤੀ ਨੂੰ ਚੋਣ ਟਿਕਟ ਦੇਣ ਦਾ ਉਹ ਤੇ ਉਨ੍ਹਾਂ ਦੇ ਸਾਥੀ ਡੱਟ ਕੇ ਵਿਰੋਧ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੇਸੜੀਵਾਲ ਨੇ ਕਿਹਾ ਕਿ ਉਹ 2017 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪਾਰਟੀ ਦੇ ਹਰ ਚੰਗੇ-ਮਾੜੇ ਦੌਰ ’ਚ ਡਟੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਮੁਸ਼ਕਲ ਦੌਰ ’ਚ ਸੀ, ਤਦ ਕਈ ਆਗੂ ਪਾਰਟੀ ਛੱਡ ਕੇ ਪਹਿਲਾਂ ਕਾਂਗਰਸ ਤੇ ਫਿਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਤੇ ਸੱਤਾ ਦਾ ਲਾਭ ਲੈਂਦੇ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਦੁਬਾਰਾ ਮਜ਼ਬੂਤ ਹੋ ਰਹੀ ਹੈ, ਉਹੀ ਲੋਕ ਮੁੜ ਪਾਰਟੀ ’ਚ ਆਉਣ ਤੇ ਚੋਣ ਲੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਸੇ ਆਗੂਆਂ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਲੇਸੜੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਹੋਰ ਪਾਰਟੀਆਂ ਵੱਲੋਂ ਅਹੁਦੇ ਤੇ ਲਾਲਚ ਦਿੱਤੇ ਗਏ ਸਨ ਪਰ ਉਹ ਹਮੇਸ਼ਾ ਪਾਰਟੀ ਨਾਲ ਸੱਚੇ ਸਿਪਾਹੀ ਵਾਂਗ ਖੜੇ ਰਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੇ ਹਰ ਸਮੇਂ ਕਾਂਗਰਸ ਤੇ ਆਪ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਲੜਾਈ ਲੜੀ ਹੈ। ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਚੋਣਾਂ ਲਈ ਉਨਾਂ ਆਗੂਆਂ ਨੂੰ ਤਰਜੀਹ ਦਿੱਤੀ ਜਾਵੇ, ਜੋ ਮੁਸ਼ਕਲ ਸਮੇਂ ਦੌਰਾਨ ਪਾਰਟੀ ਨਾਲ ਖੜ੍ਹੇ ਰਹੇ ਹਨ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਦੂਜੀ ਪਾਰਟੀ ਤੋਂ ਆਏ ਕਿਸੇ ਵਿਅਕਤੀ ਨੂੰ ਟਿਕਟ ਦਿੱਤਾ ਗਿਆ ਤਾਂ ਉਹ ਆਪਣੇ ਸਾਥੀਆਂ ਸਮੇਤ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੀਆਂ ਚੋਣਾਂ ’ਚ ਉਹ ਹਲਕੇ ’ਚ ਪਾਰਟੀ ਦੀ ਜਿੱਤ ਲਈ ਪੂਰੀ ਤਾਕਤ ਨਾਲ ਮਿਹਨਤ ਕਰਨਗੇ। ਇਸ ਮੌਕੇ ਕਈ ਹੋਰ ਸਾਥੀ ਵੀ ਮੌਜੂਦ ਸਨ।