- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਸਤੀਆਂ, ਕਈ ਪੌਸ਼ ਕਾਲੋਨੀਆਂ

ਬਸਤੀਆਂ, ਕਈ ਪੌਸ਼ ਕਾਲੋਨੀਆਂ ਤੇ ਡੀਸੀ ਦਫਤਰ ਦੇ ਆਸ-ਪਾਸ ਦੇ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ
ਜਾਸ, ਜਲੰਧਰ : ਮੌਨਸੂਨ ਤੋਂ ਪਹਿਲਾਂ ਨਗਰ ਨਿਗਮ ਨੇ ਸ਼ਹਿਰ ਦੀਆਂ ਪਾਣੀ ਨਾਲ ਭਰਨ ਵਾਲੀਆਂ ਸਾਰੇ ਥਾਵਾਂ ਦੀ ਸੂਚੀ ਤਿਆਰ ਕਰ ਲਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 30 ਸਾਲਾਂ ਤੋਂ ਇਸ ਸੂਚੀ ’ਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਜਿਨ੍ਹਾਂ ਇਲਾਕਿਆਂ ’ਚ ਦੋ ਤੋਂ ਤਿੰਨ ਦਹਾਕੇ ਪਹਿਲਾਂ ਮੀਂਹ ਦਾ ਪਾਣੀ ਇਕੱਠਾ ਹੁੰਦਾ ਸੀ, ਉੱਥੇ ਅੱਜ ਵੀ ਉਹੀ ਹਾਲਾਤ ਬਣੇ ਹੋਏ ਹਨ। ਨਿਗਮ ਦੇ ਅਧਿਕਾਰੀਆਂ ਮੁਤਾਬਕ ਇਹ ਸਾਰੇ ਲੋ-ਲਾਇੰਗ ਏਰੀਆ ਹਨ, ਜਿਨ੍ਹਾਂ ਨੂੰ ਸਿੱਧੀ ਭਾਸ਼ਾ ’ਚ ਕਹਿਣਾ ਹੋਵੇ ਤਾਂ ਇਹ 'ਕੌਲੀ' ਵਰਗੇ ਇਲਾਕੇ ਹਨ। ਆਸ-ਪਾਸ ਦੇ ਇਲਾਕੇ ਉੱਚੇ ਹੋਣ ਕਾਰਨ ਬਰਸਾਤ ਦਾ ਪਾਣੀ ਇਨ੍ਹਾਂ ਨੀਵੇਂ ਹਿੱਸਿਆਂ ’ਚ ਭਰ ਹੋ ਜਾਂਦਾ ਹੈ। ਬਸਤੀਆਂ ’ਚ ਇਹ ਸਮੱਸਿਆ ਸਭ ਤੋਂ ਵੱਧ ਹੈ, ਜਦਕਿ ਕਈ ਪੌਸ਼ ਕਾਲੋਨੀਆਂ ’ਚ ਵੀ ਹਾਲਾਤ ਅਜਿਹੇ ਹਨ। ਡੀਸੀ ਦਫਤਰ ਦੇ ਆਸ-ਪਾਸ ਦੇ ਇਲਾਕੇ ’ਚ ਵੀ ਹਰ ਸਾਲ ਪਾਣੀ ਭਰਦਾ ਹੈ। ਹਾਲਾਂਕਿ ਕੁਝ ਥਾਵਾਂ 'ਤੇ ਲੋਕਾਂ ਨੂੰ ਰਾਹਤ ਮਿਲੀ ਹੈ। ਨਗਰ ਨਿਗਮ ਨੇ ਜਿੱਥੇ ਸਟਾਰਮ ਸੀਵਰੇਜ ਲਾਈਨ ਪਾਈ ਹੈ, ਉੱਥੇ ਪਾਣੀ ਨਿਕਾਸੀ ਦਾ ਸਮਾਂ ਘਟਿਆ ਹੈ। 120 ਫੁੱਟ ਰੋਡ ਇਸ ਦੀ ਮਿਸਾਲ ਹੈ। 10 ਸਾਲ ਪਹਿਲਾਂ ਤੱਕ ਇੱਥੇ ਬਰਸਾਤ ਮਗਰੋਂ ਦੋ ਤੋਂ ਤਿੰਨ ਦਿਨ ਤੱਕ ਪਾਣੀ ਭਰਿਆ ਰਹਿੰਦਾ ਸੀ। ਹੁਣ ਸਟਾਰਮ ਸੀਵਰੇਜ ਮਗਰੋਂ ਦੋ ਤੋਂ ਤਿੰਨ ਘੰਟਿਆਂ ’ਚ ਹੀ ਜ਼ਿਆਦਾਤਰ ਪਾਣੀ ਦੀ ਨਿਕਾਸੀ ਹੋ ਜਾਂਦੀ ਹੈ। ਸੋਢਲ-ਪ੍ਰੀਤ ਨਗਰ ਇਲਾਕੇ ’ਚ ਵੀ ਬਰਸਾਤੀ ਸੀਵਰੇਜ ਪਾਉਣ ਮਗਰੋਂ ਪਹਿਲਾਂ ਨਾਲੋਂ ਰਾਹਤ ਹੈ ਪਰ ਹਾਲੇ ਵੀ ਹੋਰ ਸੁਧਾਰ ਦੀ ਗੁੰਜਾਇਸ਼ ਹੈ। ਨਗਰ ਨਿਗਮ ਹਰ ਸਾਲ ਬਰਸਾਤ ਦੇ ਦਿਨਾਂ ’ਚ ਇਨ੍ਹਾਂ ਸੰਵੇਦਨਸ਼ੀਲ ਥਾਵਾਂ 'ਤੇ ਟੀਮਾਂ ਤਾਇਨਾਤ ਕਰਦਾ ਹੈ। ਜ਼ਿਆਦਾ ਪਾਣੀ ਭਰਨ ਨਾਲ ਪੰਪਿੰਗ ਮਸ਼ੀਨ ਲਾ ਕੇ ਨਿਕਾਸੀ ਤੇਜ਼ੀ ਨਾਲ ਕੀਤੀ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ। ਨਗਰ ਨਿਗਮ ਦੇ ਟੈਕਨੀਕਲ ਐਡਵਾਈਜ਼ਰ ਸਤਿੰਦਰ ਕੁਮਾਰ ਨੇ ਦੱਸਿਆ ਕਿ ਛੇਤੀ ਹੀ ਸਾਰੀਆਂ ਨਿਸ਼ਾਨਦੇਹੀ ਵਾਲੀਆਂ ਥਾਵਾਂ 'ਤੇ ਟੀਮਾਂ ਤਾਇਨਾਤ ਕਰ ਦਿੱਤੀਆਂ ਜਾਣਗੀਆਂ। ਮਸ਼ੀਨਰੀ ਵੀ ਸਥਾਪਤ ਕੀਤੀ ਜਾ ਰਹੀ ਹੈ। ਕੋਸ਼ਿਸ਼ ਹੈ ਕਿ ਇਸ ਵਾਰ ਮੌਨਸੂਨ ’ਚ ਪਾਣੀ ਭਰਨ ਨਾਲ ਲੋਕਾਂ ਨੂੰ ਘੱਟ ਤੋਂ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਨਗਰ ਨਿਗਮ ਨੇ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਕਿ ਨਾਲੀਆਂ ’ਚ ਕੂੜਾ ਨਾ ਪੈਣ ਦਿਓ।
---
ਜ਼ਿਆਦਾਤਰ ਥਾਵਾਂ ’ਤੇ ਸੜਕਾਂ ਠੀਕ ਹੋਣ ਕਾਰਨ ਰਾਹਤ
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਇਲਾਕਿਆਂ ’ਚ ਸੜਕਾਂ ਦੀ ਹਾਲਤ ਠੀਕ ਹੈ। ਬਸਤੀ ਸ਼ੇਖ ਸਰਕਾਰੀ ਸਕੂਲ ਨੇੜੇ ਸੜਕ ਨੂੰ ਤੋੜਿਆ ਗਿਆ ਹੈ। ਕੁਝ ਹੋਰ ਥਾਵਾਂ 'ਤੇ ਮੁਸ਼ਕਲ ਹੈ ਪਰ ਜ਼ਿਆਦਾਤਰ ਥਾਵਾਂ 'ਤੇ ਸੜਕਾਂ ਦੀ ਸਥਿਤੀ ਠੀਕ ਹੈ। ਇਸ ਨਾਲ ਪਾਣੀ ਭਰਨ ਦੀ ਸਥਿਤੀ ’ਚ ਦੁਰਘਟਨਾ ਦਾ ਖ਼ਤਰਾ ਘਟੇਗਾ। ਸਰਕਾਰ ਨੇ ਵੀ ਹੁਕਮ ਦਿੱਤਾ ਹੈ ਕਿ ਮੌਨਸੂਨ ਤੋਂ ਪਹਿਲਾਂ ਸਾਰੀਆਂ ਸੜਕਾਂ ਬਣਾਈਆਂ ਜਾਣ ਤੇ ਟੋਏ ਭਰੇ ਜਾਣ। ਨਗਰ ਨਿਗਮ ਦੇ ਸਾਰੇ ਸੀਨੀਅਰ ਅਧਿਕਾਰੀ ਵੀ ਹਰ ਰੋਜ਼ ਸਵੇਰੇ 7 ਵਜੇ ਤੋਂ ਫੀਲਡ ’ਚ ਜਾ ਰਹੇ ਹਨ ਤੇ ਟੁੱਟੇ ਮੈਨਹੋਲ, ਟੋਇਆਂ ਦੀ ਪਛਾਣ ਕਰ ਕੇ ਠੀਕ ਕਰਵਾ ਰਹੇ ਹਨ।
---
ਤਹਿਸੀਲ ਕੰਪਲੈਕਸ ਤੋਂ ਬੀਐੱਮਸੀ ਤੱਕ ਸਟਾਰਮ ਸੀਵਰੇਜ ਪੈਂਡਿੰਗ
ਤਹਿਸੀਲ ਕੰਪਲੈਕਸ ਦੇ ਆਸ-ਪਾਸ ਪਾਣੀ ਭਰਨ ਦੀ ਸਥਿਤੀ ਨਾਲ ਸਿੱਝਣ ਲਈ ਨਗਰ ਨਿਗਮ ਨੇ ਤਹਿਸੀਲ ਕੰਪਲੈਕਸ ਰੋਡ ਦੇ ਪਿਛਲੇ ਪਾਸਿਓਂ ਸੰਵਿਧਾਨ-ਬੀਐੱਮਸੀ ਚੌਕ ’ਚ ਬਰਸਾਤੀ ਸੀਵਰ ਪਾਉਣ ਦਾ ਟੈਂਡਰ ਲਾਇਆ ਸੀ। ਹਾਲਾਂਕਿ ਇਸ ਪ੍ਰੋਜੈਕਟ ਨੂੰ ਰੋਕਿਆ ਗਿਆ ਹੈ। ਇਸ ਦੇ ਸਿਆਸੀ ਕਾਰਨ ਹਨ। ਇਹ ਚੋਣਾਂ ਸਬੰਧੀ ਸਾਲ ਹੈ ਤੇ ਜੇ ਇਕ ਵਾਰੀ ਸੜਕ ਤੋੜ ਦਿੱਤੀ ਗਈ ਤਾਂ ਇਸ ਨੂੰ ਬਣਾਉਣ ’ਚ ਲੰਬਾ ਸਮਾਂ ਲੱਗ ਸਕਦਾ ਹੈ। ਬਹੁਤ ਭੀੜ-ਭੜੱਕੇ ਵਾਲਾ ਰੋਡ ਹੋਣ ਕਾਰਨ ਇਹ ਚੋਣਾਂ ’ਚ ਮੁੱਦਾ ਬਣ ਸਕਦਾ ਸੀ, ਇਸ ਲਈ ਬਰਸਾਤੀ ਸੀਵਰੇਜ ਦਾ ਕੰਮ ਹੁਣ ਅਗਲੇ ਵਿਧਾਨ ਸਭਾ ਚੋਣਾਂ ਮਗਰੋਂ ਹੀ ਸੰਭਵ ਹੈ।
--
ਪਾਣੀ ਭਰਨ ਵਾਲੇ ਇਲਾਕੇ
ਦਮੋਰੀਆ ਅੰਡਰ ਬ੍ਰਿਜ, ਇਕਹਿਰੀ ਪੁਲੀ, ਫਗਵਾੜਾ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਨਿਊ ਰੇਲਵੇ ਰੋਡ, ਚਿੰਤਪੁਰਨੀ ਰੋਡ ਚੰਦਨ ਨਗਰ, ਨੀਲਾ ਮਹਿਲ, ਸਾਈਂ ਦਾਸ ਸਕੂਲ ਮੇਨ ਗੇਟ ਤੇ ਬੈਕ ਸਾਈਡ, ਮਿਲਾਪ ਚੌਕ ਤੋਂ ਕੰਪਨੀ ਬਾਗ ਚੌਕ, ਪ੍ਰੀਤ ਨਗਰ ਰੋਡ, ਰਾਮ ਨਗਰ, ਮਕਸੂਦਾਂ ਰੋਡ ਵਿਜੇ ਰਿਸੋਰਟ ਨੇੜੇ, ਸੋਢਲ ਰੋਡ ਤੋਂ ਟਾਂਡਾ ਰੇਲਵੇ ਕ੍ਰਾਸਿੰਗ ਤੱਕ, ਕਪੂਰਥਲਾ ਰੋਡ ਦ੍ਰੋਣਾ ਗਾਰਡਨ, ਗੁਲਾਬ ਦੇਵੀ ਰੋਡ, ਨਕੋਦਰ ਰੋਡ ਲਾਲ ਰਤਨ ਨੇੜੇ, ਹਰਬੰਸ ਨਗਰ, ਬਸਤੀ ਮਿੱਠੂ ਰੋਡ, ਰਾਜ ਨਗਰ ਮੇਨ ਰੋਡ, ਬਸਤੀ ਅੱਡਾ ਮੇਨ ਰੋਡ, ਤਾਰਾ ਸਿੰਘ ਐਵੀਨਿਊ ਮੇਨ ਰੋਡ, ਕੱਚਾ ਕੋਟ ਮੇਨ ਰੋਡ, ਗੌਤਮ ਨਗਰ, ਬਸਤੀਆਂ ਗੁਜ਼ਾਂ ਅੱਡਾ, ਗੁਰੂ ਅਰਜੁਨ ਦੇਵ ਨਗਰ ਬਸਤੀ ਮਿੱਠੂ, ਕਪੂਰਥਲਾ ਚੌਕ, 120 ਫੁੱਟੀ ਰੋਡ ਬਸਤੀ ਸ਼ੇਖ, ਕੋਟ ਮੁਹੱਲਾ ਬਸਤੀ ਸ਼ੇਖ, ਗੌਰਮਿੰਟ ਗਰਲਜ਼ ਸਕੂਲ ਬਸਤੀ ਸ਼ੇਖ, ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾਂ, ਬਸਤੀ ਦਾਨਿਸ਼ਮੰਦਾਂ ਅੱਡਾ, ਗੁਰੂ ਰਵਿਦਾਸ ਚੌਕ ਏਰੀਆ, ਸੈਂਟਰਲ ਟਾਊਨ ਗੁਰਦੁਆਰਾ ਸਾਹਿਬ ਰੋਡ, ਲਾਡੋਵਾਲੀ ਰੋਡ ਨੇੜੇ ਓਲਡ ਪੈਟਰੋਲ ਪੰਪ, ਏਕਤਾ ਨਗਰ ਫੇਜ਼-1 ਰਾਮਾ ਮੰਡੀ ਫਲਾਈਓਵਰ, ਜੋਗਿੰਦਰ ਨਗਰ ਓਲਡ ਬਾਬਾ ਬੁੱਢ ਜੀ ਨਗਰ, ਨੈਸ਼ਨਲ ਐਵੀਨਿਊ, ਭੁੱਲਰ ਕਾਲੋਨੀ ਸਿੰਘ ਸਭਾ ਗੁਰਦੁਆਰਾ, ਦਕੋਹਾ, ਬੜਿੰਗ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨੇੜੇ, ਪਿੰਡ ਬੜਿੰਗ, ਪਰਾਗਪੁਰ ਓਲਡ ਫਗਵਾਡਾ ਰੋਡ, ਅਰਮਾਨ ਨਗਰ ਗਲੀ ਨੰਬਰ 1 ਤੋਂ 4, ਪਿੰਡ ਧੰਨੋਵਾਲੀ, ਪਿੰਡ ਢਿੱਲਵਾਂ, ਨਿਊ ਜੋਗਿੰਦਰ ਨਗਰ ਗਲੀ ਨੰਬਰ 2, ਕਾਕੀ ਪਿੰਡ ਗਲੀ ਨੰਬਰ 4 ਤੋਂ 7, ਪ੍ਰੋਫੈਸਰ ਕਾਲੋਨੀ ਮੇਨ ਰੋਡ, ਨੰਗਲ ਸ਼ਾਮਾਂ ਨੇੜੇ ਰਾਜ ਬੁਟੀਕ, ਅੰਬੇਡਕਰ ਨਗਰ ਲੱਧੇਵਾਲੀ, ਮੁਹੱਲਾ ਕੋਟ ਰਾਮ ਦਾਸ, ਮਾਨ ਸਿੰਘ ਨਗਰ, ਸਿਟੀ ਹਸਪਤਾਲ ਚੁਨਮੁਨ ਮਾਲ ਤੋਂ ਬੱਸ ਸਟੈਂਡ ਤੱਕ, ਮਸੰਦ ਚੌਕ ਤੋਂ ਮਾਡਲ ਟਾਊਨ ਮਾਰਕੀਟ, ਮਾਲ ਰੋਡ, ਅਰਬਨ ਐਸਟੇਟ ਫੇਜ਼-1 ਰੇਲਵੇ ਲਾਈਨ ਨੇੜੇ, ਸੰਵਿਧਾਨ-ਬੀਐੱਮਸੀ ਚੌਕ ਤੋਂ ਏਪੀਜੇ ਕਾਲਜ, ਲੰਮਾ ਪਿੰਡ ਚੌਕ, ਕਿਸ਼ਨਪੁਰਾ ਮੰਦਰ ਵਾਲੀ ਗਲੀ, ਸੰਤੋਖਪੁਰਾ ਨੀਵੀਂ ਆਬਾਦੀ ਤੇ ਰੇਰੂ ਪਿੰਡ।
---
ਕਾਂਗਰਸ ਪ੍ਰਧਾਨ ਨੇ ਕੀਤੀ ਸੀਵਰੇਜ, ਸੜਕਾਂ ਤੇ ਗਲੀਆਂ ਦੀ ਸਫਾਈ ਦੀ ਮੰਗ
ਜਲੰਧਰ : ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਨਗਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਬਰਸਾਤੀ ਮੌਸਮ ਨੂੰ ਦੇਖਦਿਆਂ ਸ਼ਹਿਰ ਦੇ ਸੀਵਰੇਜ ਤੇ ਸੜਕਾਂ-ਗਲੀਆਂ ਦੀ ਸਫਾਈ ਦਾ ਕੰਮ ਠੀਕ ਢੰਗ ਨਾਲ ਕਰਵਾਇਆ ਜਾਵੇ। ਇੰਟਰਨੈੱਟ ਮੀਡੀਆ 'ਤੇ ਲਾਈਵ ਹੋ ਕੇ ਬੇਰੀ ਨੇ ਕਿਹਾ ਕਿ ਨਿਗਮ ਨੇ ਸੁਪਰ ਸੱਕਸ਼ਨ ਮਸ਼ੀਨਾਂ ਨਾਲ ਸੀਵਰੇਜ ਸਫਾਈ ਦੇ ਟੈਂਡਰ ਤਾਂ ਲਾ ਦਿੱਤੇ ਹਨ ਪਰ ਜੇ ਇਹ ਕੰਮ ਬਰਸਾਤ ਦੇ ਮੌਸਮ ’ਚ ਕੀਤਾ ਗਿਆ ਤਾਂ ਸ਼ਹਿਰ ਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਇਸ ਨਾਲ ਪੈਸੇ ਦੀ ਬਰਬਾਦੀ ਹੋਵੇਗੀ। ਸੀਵਰੇਜ ਸਫਾਈ ਦਾ ਕੰਮ ਮੌਨਸੂਨ ਤੋਂ ਪਹਿਲਾਂ ਪੂਰਾ ਹੋਣਾ ਚਾਹੀਦਾ ਹੈ। ਪਿਛਲੇ ਸਾਲ ਬਰਸਾਤ ਕਾਰਨ ਸ਼ਹਿਰ ’ਚ ਵਪਾਰੀਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਕਈ ਦੁਕਾਨਾਂ ਤੇ ਬੇਸਮੈਂਟਾਂ ’ਚ ਪਾਣੀ ਭਰ ਗਿਆ ਸੀ। ਲੋਕਾਂ ਦੇ ਘਰਾਂ ’ਚ ਵੀ ਪਾਣੀ ਵੜਨ ਕਾਰਨ ਕਾਫੀ ਨੁਕਸਾਨ ਹੋਇਆ ਸੀ। ਬੇਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੀਵਰੇਜ ਦੀ ਸਫਾਈ ਪੂਰੀ ਤਰ੍ਹਾਂ ਤੇ ਸਹੀ ਢੰਗ ਨਾਲ ਹੋਵੇ। ਨਾਲੀਆਂ-ਗਲੀਆਂ ’ਚੋਂ ਕੂੜਾ ਹਟਾਇਆ ਜਾਵੇ ਤਾਂ ਜੋ ਬਰਸਾਤੀ ਪਾਣੀ ਦੀ ਸੌਖੇ ਢੰਗ ਨਾਲ ਨਿਕਾਸੀ ਹੋ ਸਕੇ।