ਯੂਨੀਅਨਾਂ ਵੱਲੋਂ 22 ਨੂੰ ਸੰਘਰਸ਼ ਦੀ ਚਿਤਾਵਨੀ
ਮਾਨ ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕਰਨ ’ਤੇ 22 ਮਾਰਚ ਨੂੰ ਸੰਘਰਸ਼ ਦੀ ਚੇਤਾਵਨੀ
Publish Date: Thu, 19 Mar 2026 07:27 PM (IST)
Updated Date: Thu, 19 Mar 2026 07:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਕਿਸਾਨ ਤੇ ਸਥਾਨਕ ਯੂਨੀਅਨਾਂ ਵੱਲੋਂ ਮਾਨ ਸਰਕਾਰ ’ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦੇ ਹੋਏ 22 ਮਾਰਚ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਇਹ ਗੱਲ ਬਾਬਾ ਸੁਖਵਿੰਦਰ ਸਿੰਘ ਸੰਧੂ ਨੇ ਲਾਡੋਵਾਲ ਟੋਲ ਪਲਾਜ਼ਾ ’ਤੇ ਚੱਲ ਰਹੇ ਮੋਰਚੇ ਦੌਰਾਨ ਕਹੀ। ਉਨ੍ਹਾਂ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ’ਤੇ ਲੱਗਾ ਮੋਰਚਾ ਪੰਜਵੇਂ ਦਿਨ ’ਚ ਦਾਖਲ ਹੋ ਚੁੱਕਾ ਹੈ ਪਰ ਸਰਕਾਰ ਵੱਲੋਂ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। 16 ਮਾਰਚ ਨੂੰ ਐੱਸਡੀਐੱਮ ਕੁਲਦੀਪ ਸਿੰਘ ਬਾਵਾ ਤੇ ਪ੍ਰਸ਼ਾਸਨ ਦੀ ਹਾਜ਼ਰੀ ’ਚ ਭਰੋਸਾ ਦਿੱਤਾ ਗਿਆ ਸੀ ਕਿ ਇਕ ਦਿਨ ’ਚ ਮੰਗਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਮੌਕੇ ’ਤੇ ਸਿਰਫ ਦਿਖਾਵਾ ਹੀ ਕੀਤਾ ਗਿਆ। ਉਨ੍ਹਾਂ ਹੋਰ ਦੱਸਿਆ ਕਿ ਰਾਹੋਂ ਰੋਡ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ ਤੇ ਨਾ ਹੀ ਰੇਹੜੀਆਂ ਹਟਾਈਆਂ ਗਈਆਂ ਹਨ। ਇਸ ਤੋਂ ਇਲਾਵਾ ਬੂਟਾਂ ਪਿੰਡ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ’ਤੇ ਵੀ ਰੋਕ ਨਹੀਂ ਲੱਗੀ, ਜਿਸ ਦਾ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਈਨਿੰਗ ਕਾਰਨ ਇਲਾਕੇ ਦੇ ਬੰਨ੍ਹ ਕਮਜ਼ੋਰ ਹੋ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਬਾਬਾ ਸੁਖਵਿੰਦਰ ਸਿੰਘ ਸੰਧੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ 22 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇ ਇਸ ਸਮੇਂ ਤੱਕ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਲਾਡੋਵਾਲ ਟੋਲ ਪਲਾਜ਼ਾ ਨੂੰ ਫਰੀ ਕਰ ਦਿੱਤਾ ਜਾਵੇਗਾ। ਇਸ ਮੌਕੇ ਸੰਤ ਬਾਬਾ ਸੁਖਵਿੰਦਰ ਸਿੰਘ (ਡੇਰਾ ਆਲੋਵਾਲ ਨੰਗਲ, ਫਿਲੌਰ), ਭੋਲਾ ਸਿੰਘ (ਜ਼ਿਲ੍ਹਾ ਪ੍ਰਧਾਨ), ਬਾਬਾ ਤੀਰਥ ਸਿੰਘ, ਬਾਬਾ ਮੰਗਲ ਸਿੰਘ, ਸਰਜੀਤ ਸਿੰਘ, ਸੁਲਿੰਦਰ ਸਿੰਘ, ਗੁਰਮੁਖ ਸਿੰਘ (ਹਲਕਾ ਪ੍ਰਧਾਨ), ਕਸ਼ਮੀਰ ਸਿੰਘ, ਅਮਰੀਤ ਸਿੰਘ, ਸੁਪ੍ਰੀਤ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ ਸੋਨੀ (ਸਰਪੰਚ ਬੂਥਗੜ੍ਹ ਜੱਸੀ) ਸਮੇਤ ਕਈ ਹੋਰ ਆਗੂ ਮੌਜੂਦ ਸਨ।