ਮਹਿਮਾਨਾਂ ਨੂੰ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਆ
ਅਮਰੀਕਾ ਤੋਂ ਦੇਸ਼ ਭਗਤ ਹਾਲ ਆਏ ਵਫ਼ਦ ਨਾਲ ਕੀਤੀਵਿਚਾਰ ਚਰਚਾ ਕਮੇਟੀ ਵੱਲੋਂ ਨਿੱਘਾ ਸਨਮਾਨ
Publish Date: Mon, 19 Jan 2026 07:01 PM (IST)
Updated Date: Mon, 19 Jan 2026 07:03 PM (IST)

-ਵਫ਼ਦ ’ਚ ਸ਼ਾਮਲ ਲੋਕਾਂ ਦਾ ਕੀਤਾ ਗਿਆ ਨਿੱਘਾ ਸਨਮਾਨ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਅਮਰੀਕਾ ਤੋਂ ਆਏ ਜਸਵਿੰਦਰ ਪਾਲ ਸਿੰਘ ਪੱਖੋ ਕੇ, ਉਨ੍ਹਾਂ ਦੀ ਜੀਵਨ ਸਾਥਣ ਸੁਰਿੰਦਰ ਕੌਰ, ਉਨਾਂ ਦੇ ਸਪੁੱਤਰ ਸੰਗਰਾਮ ਸਿੰਘ ਤੇ ਉਨ੍ਹਾਂ ਦੇ ਨਾਲ ਆਏ ਗੁਰਸਿਮਰਨ ਪ੍ਰੀਤ ਸਿੰਘ ਬੁੱਟਰ ਨਾਲ ਗੰਭੀਰ ਵਿਚਾਰ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਅਮਰੀਕਾ ਦੇ ਸ਼ਹਿਰ ਯੁਵਾਸਿਟੀ, ਸੈਕਰਾਮੈਂਟੋ ਤੇ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ ਸਬੰਧੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਉਨਾਂ ਨੇ ਅਮਰੀਕਾ ’ਚ ਲੱਗਦੇ ਗਦਰੀ ਬਾਬਿਆਂ ਦੇ ਮੇਲੇ ਉਸ ’ਚ ਸਰਗਰਮ ਟੀਮ ਦੇ ਯੋਗਦਾਨ ਤੋਂ ਇਲਾਵਾ ਗਦਰ ਪਾਰਟੀ ਦੇ ਸਨਫਰਾਂਸਿਸਕੋ ਸਥਿਤ ਮੁੱਖ ਕੇਂਦਰ ਯੁਗਾਂਤਰ ਆਸ਼ਰਮ ਬਾਰੇ ਵੀ ਸਰੋਕਾਰ ਸਾਂਝੇ ਕੀਤੇ। ਗੁਰ ਸਿਮਰਨ ਪ੍ਰੀਤ ਨੇ ਗਦਰੀ ਦੇਸ਼ ਭਗਤ ਹਾਲ ਲੱਗਦੇ ਮੇਲੇ ਵਰਗੀਆਂ ਵਿਸ਼ਾਲ ਇਕੱਤਰਤਾਵਾਂ ਮੌਕੇ ਮੈਡੀਕਲ ਕੈਂਪ ਲਗਾ ਕੇ ਸੇਵਾਵਾਂ ਦੇਣ ਦੀ ਇੱਛਾ ਜ਼ਾਹਰ ਕੀਤੀ। ਜਸਵਿੰਦਰ ਸਿੰਘ ਤੇ ਸੁਰਿੰਦਰ ਕੌਰ ਦੇ ਨਜ਼ਦੀਕੀ ਦਰਸ਼ਨ ਮੱਟੂ, ਅਰਜਨ ਫੁਟਬਾਲਰ ਗੁਰਦੇਵ ਸਿੰਘ ਤੇ ਕਿਸਾਨ ਆਗੂ ਤਲਵਿੰਦਰ ਹੀਰ ਵੀ ਉਨਾਂ ਦੇ ਨਾਲ ਆਏ ਹੋਏ ਸਨ। ਉਨ੍ਹਾਂ ਵੀ ਭਰੋਸਾ ਦਿੱਤਾ ਕਿ ਉਹ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ’ਚ ਦੁਆਬੇ ਦੀ ਧਰਤੀ ਦੇ ਬੱਬਰਾਂ ਦੇ ਪਿੰਡਾਂ ’ਚ ਵਿਸ਼ੇਸ਼ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ’ਚ ਮੋਢੇ ਨਾਲ ਮੋਢਾ ਜੋੜਨਗੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ ਤੇ ਪ੍ਰੋਫੈਸਰ ਤਜਿੰਦਰ ਵਿਰਲੀ ਵੀ ਇਸ ਮੌਕੇ ਹਾਜ਼ਰ ਸਨ। ਕਮੇਟੀ ਆਗੂਆਂ ਨੇ ਵਫ਼ਦ ਨਾਲ ਦੇਸ਼ ਭਗਤ ਯਾਦਗਾਰ ਹਾਲ ਦੇ ਭਵਿੱਖੀ ਕਾਰਜਾਂ ਤੇ ਆਪਸੀ ਸਹਿਯੋਗ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਦੇਸ਼ ਭਗਤ ਕਮੇਟੀ ਵੱਲੋਂ ਕਿਤਾਬਾਂ ਦਾ ਸੈੱਟ ਦੇ ਕੇ ਇਨ੍ਹਾਂ ਆਏ ਸਭਨਾ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਪੱਖੋਕੇ ਪਰਿਵਾਰ ਵੱਲੋਂ ਦੇਸ਼ ਭਗਤ ਕਮੇਟੀ ਦੀਆਂ ਸਰਗਰਮੀਆਂ ਲਈ ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ।