ਮੈਨੇਜਰ ਦੀ ਖੁਦਕੁਸ਼ੀ ਸੂਬਾ ਸਰਕਾਰ ਦੇ ਮੱਥੇ ’ਤੇ ਕਲੰਕ : ਡਾ. ਕਰੀਮਪੁਰੀ
ਵੇਅਰ ਹਾਊਸ ਮੈਨੇਜਰ ਦੀ ਖੁਦਕੁਸ਼ੀ ਪੰਜਾਬ ਸਰਕਾਰ ਦੇ ਮੱਥੇ ’ਤੇ ਕਲੰਕ : ਡਾ. ਕਰੀਮਪੁਰੀ
Publish Date: Sat, 21 Mar 2026 09:36 PM (IST)
Updated Date: Sat, 21 Mar 2026 09:40 PM (IST)
-ਬਸਪਾ ਵੱਲੋਂ 'ਪੰਜਾਬ ਸੰਭਾਲੋ' ਮੁਹਿੰਮ ਤਹਿਤ ਮੌਜੂਦਾ ਸਰਕਾਰ ਨੂੰ ਚਲਦਾ ਕਰਨ ਦਾ ਸੱਦਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖੁਦਕੁਸ਼ੀ ’ਤੇ ਡੂੰਘੇ ਦੁੱਖ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਮੰਦਭਾਗੀ ਘਟਨਾ ਲਈ ਪੰਜਾਬ ਸਰਕਾਰ ਦੇ ਇਕ ਮੌਜ਼ੂਦਾ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਨੂੰ ਸਰਕਾਰ ਦੇ ਮੱਥੇ ’ਤੇ ਵੱਡਾ ਕਲੰਕ ਕਰਾਰ ਦਿੱਤਾ ਹੈ। ਡਾ. ਕਰੀਮਪੁਰੀ ਨੇ ਅੱਜ ਜਾਰੀ ਬਿਆਨ ’ਚ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਸੂਬਾ ਵਾਸੀਆਂ ਦੇ ਜਾਨ-ਮਾਲ ਦੀ ਰਾਖੀ ਕਰਨ ’ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ, ਉੱਥੇ ਹੀ ਕੈਬਨਿਟ ’ਚ ਬੈਠੇ ਲੋਕ ਅਧਿਕਾਰੀਆਂ ਨੂੰ ਮੌਤ ਦੇ ਮੂੰਹ ’ਚ ਧੱਕ ਰਹੇ ਹਨ। ਬਸਪਾ ਨੇ ਮੰਗ ਕੀਤੀ ਹੈ ਕਿ ਗਗਨਦੀਪ ਸਿੰਘ ਰੰਧਾਵਾ ਦਾ ਪੋਸਟਮਾਰਟਮ ਡਾਕਟਰਾਂ ਦੇ ਵਿਸ਼ੇਸ਼ ਬੋਰਡ ਵੱਲੋਂ ਕਰਵਾਇਆ ਜਾਵੇ, ਜਿਸ ’ਚ ਪੀਜੀਆਈ ਚੰਡੀਗੜ੍ਹ ਦੇ ਡਾਕਟਰ ਜ਼ਰੂਰ ਸ਼ਾਮਲ ਹੋਣ, ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਹ ਵੀ ਕਿਹਾ ਕਿ ਇਕ ਦਲਿਤ ਮਹਿਲਾ ਨਾਲ ਛੇੜਛਾੜ ਦੇ ਮਾਮਲੇ ’ਚ 'ਆਪ' ਵਿਧਾਇਕ ਨੂੰ 4 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਸਪੀਕਰ ਵੱਲੋਂ ਉਸ ਨੂੰ ਡਿਸ-ਕੁਆਲੀਫਾਈ ਨਾ ਕਰਨਾ ਸਰਕਾਰ ਦੀ ਨੈਤਿਕ ਮੌਤ ਦਾ ਪ੍ਰਤੀਕ ਹੈ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਚੰਦਭਾਨ ਤੇ ਬਠੋਈ ਕਲਾਂ ’ਚ ਗਰੀਬਾਂ ਤੇ ਦਲਿਤਾਂ 'ਤੇ ਜ਼ੁਲਮ ਕਰਨ ਵਾਲੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਰੱਦ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ’ਚ ਅਸਫਲ ਰਹੀ ਹੈ। ਆਪ ਸਰਕਾਰ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਤਾਨਾਸ਼ਾਹ ਨਜ਼ਰੀਏ ਨਾਲ ਚੱਲ ਰਹੀ ਹੈ। ਜਨਤਾ ਦੇ ਹਿੱਤਾਂ ਪ੍ਰਤੀ ਇਸ ਸਰਕਾਰ ’ਚ ਕੋਈ ਸੰਵੇਦਨਾ ਨਹੀਂ ਬਚੀ। ਡਾ. ਕਰੀਮਪੁਰੀ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਸੂਬੇ ਨੂੰ ਇਸ ਗੰਭੀਰ ਸੰਕਟ ’ਚੋਂ ਕੱਢਣ ਲਈ ਬਸਪਾ ਵੱਲੋਂ ਵਿੱਢੀ 'ਪੰਜਾਬ ਸੰਭਾਲੋ' ਮੁਹਿੰਮ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ’ਚ ਇਸ ਗੈਰ-ਜ਼ਿੰਮੇਵਾਰ ਸਰਕਾਰ ਨੂੰ ਚਲਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ ਵੀ ਹਾਜ਼ਰ ਸਨ।