ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋਏ : ਟੀਟੂ
ਵਾਰਡ ਨੰਬਰ 50 ਦੇ ਕੌਂਸਲਰ ਟੀਟੂ ਨੇ ਨਗਰ ਨਿਗਮ ਨੂੰ ਦਿੱਤੀ ਚੇਤਾਵਨੀ
Publish Date: Wed, 18 Feb 2026 07:36 PM (IST)
Updated Date: Wed, 18 Feb 2026 07:39 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ਦੇ ਹਾਲਾਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਖ਼ਾਸ ਕਰਕੇ ਜਲੰਧਰ ਕੈਂਟ ਇਲਾਕੇ ’ਚ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਨਜ਼ਰ ਆ ਰਹੇ ਹਨ। ਰਵਿਦਾਸ ਚੌਕ ਤੋਂ ਗੁਰਦੁਆਰਾ ਜੀਟੀਬੀ ਨਗਰ ਤੱਕ ਸੜਕਾਂ ਪੁੱਟੀਆਂ ਪਈਆਂ ਹਨ ਤੇ ਧੂੜ-ਮਿੱਟੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਇਹ ਵਿਚਾਰ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਵੱਲੋਂ ਵਿਸ਼ੇਸ਼ ਮੀਟਿੰਗ ’ਚ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਿਰਫ ਕੈਂਟ ਹੀ ਨਹੀਂ, ਸਾਰੇ ਸ਼ਹਿਰ ’ਚ ਇਹੀ ਹਾਲ ਹੈ। ਨਕੋਦਰ ਚੌਕ ਤੋਂ ਕਪੂਰਥਲਾ ਚੌਕ ਤੱਕ ਹਰ ਪਾਸੇ ਖੁਦਾਈ, ਟੁੱਟੀਆਂ ਸੜਕਾਂ ਤੇ ਗੰਦਗੀ ਕਾਰਨ ਲੋਕ ਪਰੇਸ਼ਾਨ ਹਨ। ਉਨ੍ਹਾਂ ਵੈਸਟ ਇਲਾਕੇ ਦੀ 120 ਫੁੱਟੀ ਰੋਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਮੰਦਰ ਦੇ ਆਲੇ-ਦੁਆਲੇ ਰਹਿਣ ਵਾਲੇ ਇਲਾਕਿਆਂ ’ਚ ਪੀਣ ਵਾਲੇ ਪਾਣੀ ’ਚ ਸੀਵਰੇਜ ਦਾ ਗੰਦਲਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਲੋਕਾਂ ਨੂੰ ਸਾਫ਼ ਪਾਣੀ ਦੀ ਥਾਂ ਕਾਲਾ ਤੇ ਬਦਬੂਦਾਰ ਪਾਣੀ ਮਿਲ ਰਿਹਾ ਹੈ, ਜੋ ਸਿਹਤ ਲਈ ਵੱਡਾ ਖਤਰਾ ਹੈ। ਇਸੇ ਇਲਾਕੇ ’ਚ ਵਾਲਮੀਕਿ ਮਹਾਰਾਜ ਮੰਦਰ ਸਮੇਤ ਕਈ ਧਾਰਮਿਕ ਸਥਾਨ ਹਨ, ਜਿੱਥੇ ਹਰ ਰੋਜ਼ ਸੈਂਕੜੇ ਸ਼ਰਧਾਲੂ ਆਉਂਦੇ ਹਨ। ਪਰ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਇਲਾਕੇ ਦੇ ਲੋਕ ਤੇ ਸ਼ਰਧਾਲੂ ਦੋਵੇਂ ਹੀ ਪਰੇਸ਼ਾਨ ਹਨ। ਹਾਲਾਤ ਅਜਿਹੇ ਬਣ ਚੁੱਕੇ ਹਨ ਜਿਵੇਂ ਇੱਥੇ ਦੇ ਵਾਸੀਆਂ ਨੂੰ “ਕਾਲੇ ਪਾਣੀ” ਦੀ ਸਜ਼ਾ ਦਿੱਤੀ ਜਾ ਰਹੀ ਹੋਵੇ। ਵਿਰੋਧੀ ਧਿਰ ਦੇ ਆਗੂ ਵਜੋਂ ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਤੁਰੰਤ ਪਾਈਪਲਾਈਨਾਂ ਦੀ ਜਾਂਚ ਕਰਕੇ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਵੱਖਰੀਆਂ ਕੀਤੀਆਂ ਜਾਣ, ਸੜਕਾਂ ਦੀ ਮੁਰੰਮਤ ਤੇ ਸਫਾਈ ਮੁਹਿੰਮ ਚਲਾਈ ਜਾਵੇ। ਨਹੀਂ ਤਾਂ ਉਹ ਸ਼ਹਿਰ ਵਾਸੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।