- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੁੱਧ ਨਸ਼ਿਆਂ ਵਿਰੁੱਧ : ਜਲੰਧਰ ਪ੍ਰੀਮੀਅਰ ਲੀਗ ਦੇ ਗ੍ਰੈਂਡ ਫਿਨਾਲੇ ਮੈਚ ’ਚ ਸਕੂਲ ਆਫ਼ ਐਮੀਨੈਂਸ ਜੇਤੂ

-ਦੋ ਸਰਕਾਰੀ ਸਕੂਲਾਂ ਦਰਮਿਆਨ ਖੇਡਿਆ ਗਿਆ ਫਾਈਨਲ ਮੁਕਾਬਲਾ
-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਪਰਾਲੇ ਕਰ ਰਹੀ ਹੈ ਸਰਕਾਰ : ਭਗਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਜਲੰਧਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਾਸਲ ਐਜੂਕੇਸ਼ਨ ਵੱਲੋਂ ਕਰਵਾਈ ਜਾ ਰਹੀ ਜਲੰਧਰ ਪ੍ਰੀਮੀਅਰ ਲੀਗ-2025 ਦਾ ਗ੍ਰੈਂਡ ਫਿਨਾਲੇ ਮੈਚ ਸ਼ਨਿਚਰਵਾਰ ਸਥਾਨਕ ਆਈਵੀ ਵਰਲਡ ਸਕੂਲ ਵਿਖੇ ਸਕੂਲ ਆਫ ਐਮੀਨੈਂਸ, ਲਾਡੋਵਾਲੀ ਰੋਡ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਮਾ ਪਿੰਡ ਵਿਚਾਲੇ ਖੇਡਿਆ ਗਿਆ, ਜਿਸ ’ਚ ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ ਨੇ ਜਿੱਤ ਹਾਸਲ ਕੀਤੀ। ਇਸ ਮੌਕੇ ਇਨਾਮ ਵੰਡ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਜਿਥੇ ਪੰਜਾਬ ਸਰਕਾਰ ਵੱਲੋਂ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਉਥੇ ਦੇਸ਼-ਵਿਦੇਸ਼ ’ਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਇਨਾਮੀ ਰਾਸ਼ੀ ’ਚ ਵੀ ਵਾਧਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਦੀਪਕ ਬਾਲੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲੀਗ ਦੇ ਫਾਈਨਲ ਮੁਕਾਬਲੇ ’ਚ ਦੋ ਸਰਕਾਰੀ ਸਕੂਲਾਂ ਦਾ ਪੁੱਜਣਾ ਇਸ ਗੱਲ ਪ੍ਰਮਾਣ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਮਿਆਰੀ ਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਖੇਡਾਂ ਲਈ ਵੀ ਢੁੱਕਵਾਂ ਮਾਹੌਲ ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਨੌਜਵਾਨਾਂ ਨੂੰ ਕੋਈ ਨਾ ਕੋਈ ਖੇਡ ਜ਼ਰੂਰ ਖੇਡਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਜੀਵਨ ’ਚ ਟੀਮ ਵਰਕ, ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ’ਚ ਸੂਬੇ ਦਾ ਨਾਮ ਦੇਸ਼ ਤੇ ਵਿਸ਼ਵ ਪੱਧਰ ’ਤੇ ਚਮਕਾਉਣ ਲਈ ਖੇਡਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਜਲੰਧਰ ਪ੍ਰੀਮੀਅਰ ਲੀਗ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਗਤ ਨੇ ਕਿਹਾ ਕਿ ਇਸ ਲੀਗ ਜ਼ਰੀਏ ਉੱਭਰਦੇ ਖਿਡਾਰੀਆਂ ਨੂੰ ਖੇਡ ਦਾ ਪ੍ਰਦਰਸ਼ਨ ਕਰਨ ਲਈ ਨਾ ਸਿਰਫ਼ ਚੰਗਾ ਪਲੇਟਫਾਰਮ ਮਿਲਿਆ ਹੈ, ਸਗੋਂ ਇਸ ਪਹਿਲਕਦਮੀ ਨੇ ਨੌਜਵਾਨ ਖਿਡਾਰੀਆਂ ’ਚ ਨਵਾਂ ਜੋਸ਼ ਤੇ ਉਤਸ਼ਾਹ ਵੀ ਭਰਿਆ ਹੈ। ਮੈਚ ਦੇ ਅਖੀਰ ’ਚ ਕੈਬਨਿਟ ਮੰਤਰੀ ਤੇ ਹੋਰਨਾਂ ਮਹਿਮਾਨਾਂ ਵੱਲੋਂ ਮੈਨ ਆਫ ਦਿ ਮੈਚ, ਮੈਨ ਆਫ਼ ਦਿ ਸੀਰੀਜ਼, ਟੂਰਨਾਮੈਂਟ ਦੇ ਸਰਬੋਤਮ ਬੱਲੇਬਾਜ਼ ਤੇ ਟੂਰਨਾਮੈਂਟ ਦੇ ਸਰਬੋਤਮ ਗੇਂਦਬਾਜ਼ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਜਲੰਧਰ ਪ੍ਰੀਮੀਅਰ ਲੀਗ-2025 ਦੀ ਜੇਤੂ ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ ਦੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਵੱਲੋਂ ਗ੍ਰੈਂਡ ਫਿਨਾਲੇ ਮੈਚ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ‘ਆਪ’ ਆਗੂ ਨਿਤਿਨ ਕੋਹਲੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਜਲੰਧਰ ਪ੍ਰੀਮੀਅਰ ਲੀਗ ਤਹਿਤ ਹੋਏ ਕ੍ਰਿਕਟ ਮੁਕਾਬਲਿਆਂ ’ਚ 16 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਅੱਜ ਹੋਏ ਫਾਈਨਲ ਮੁਕਾਬਲੇ ’ਚ ਸਕੂਲ ਆਫ ਐਮੀਨੈਂਸ, ਲਾਡੋਵਾਲੀ ਰੋਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਮਾ ਪਿੰਡ ਦਰਮਿਆਨ ਦਿਲਚਸਪ ਮੁਕਾਬਲਾ ਹੋਇਆ, ਜਿਸ ’ਚ ਦੋਵਾਂ ਟੀਮਾਂ ਵੱਲੋਂ ਸ਼ਾਨਦਾਰ ਖੇਡ ਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ ਗਿਆ।