ਸ਼ਹਿਰ ਵਿਚਲੀਆ 3 ਸੜਕਾਂ ’ਤੇ ਚੱਲਣਾ ਖ਼ਤਰੇ ਤੋਂ ਖਾਲੀ ਨਹੀਂ, ਜ਼ਿੰਮੇਵਾਰ ਕੌਣ?
ਸ਼ਹਿਰ ਵਿਚਲੀਆ ਤਿੰਨ ਸੜਕਾਂ ’ਤੇ ਚੱਲਣਾ ਖ਼ਤਰੇ ਤੋਂ ਖਾਲੀ ਨਹੀਂ, ਜ਼ਿੰਮੇਵਾਰ ਕੌਣ?
Publish Date: Sat, 03 Jan 2026 09:34 PM (IST)
Updated Date: Sun, 04 Jan 2026 04:15 AM (IST)

ਸਮੱਸਿਆ ਅਗਲੇ 3 ਮਹੀਨਿਆਂ ਤੱਕ ਵੀ ਖਤਮ ਹੋਣ ਦੀ ਸੰਭਾਵਨਾ ਨਹੀਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਕੋਦਰ ਚੌਕ, ਕਪੂਰਥਲਾ ਚੌਕ ਤੇ ਸ੍ਰੀ ਗੁਰੂ ਰਵਿਦਾਸ ਚੌਕ ਦੀਆਂ ਸੜਕਾਂ ’ਤੇ ਆਵਾਜਾਈ ਕਰਨੀ ਖ਼ਤਰੇ ਤੋਂ ਖਾਲੀ ਨਹੀਂ ਰਹੀ। ਸਰਫੇਸ ਵਾਟਰ ਸਪਲਾਈ ਪਾਈਪਲਾਈਨ ਲਈ ਪੁੱਟੀਆ ਗਈਆਂ ਇਹ ਸੜਕਾਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਮੁੜ ਤਿਆਰ ਨਹੀਂ ਹੋ ਸਕੀਆਂ, ਜਿਸ ਕਾਰਨ ਇੱਥੇ ਹਾਦਸੇ ਵਾਪਰ ਰਹੇ ਹਨ ਪਰ ਇਸ ਲਈ ਜ਼ਿੰਮੇਵਾਰ ਕੌਣ ਹੈ, ਇਹ ਅਜੇ ਤੱਕ ਤੈਅ ਨਹੀਂ ਹੋ ਸਕਿਆ। ਮਹਾਨਗਰ ਵਾਸੀਆਂ ਦੀ ਇਹ ਸਮੱਸਿਆ ਅਗਲੇ 3 ਮਹੀਨਿਆਂ ਤੱਕ ਵੀ ਖਤਮ ਹੋਣ ਦੀ ਸੰਭਾਵਨਾ ਨਹੀਂ ਹੈ। ਅਜਿਹੇ ’ਚ ਸੁਰੱਖਿਅਤ ਰਹਿਣ ਲਈ ਲੋਕਾਂ ਨੂੰ ਖੁਦ ਹੀ ਸਾਵਧਾਨੀ ਵਰਤਣੀ ਪਵੇਗੀ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਇਸ ਸਮੇਂ ਮੌਸਮ ਸੜਕਾਂ ਬਣਾਉਣ ਲਈ ਅਨੁਕੂਲ ਨਹੀਂ ਹੈ। 15 ਫਰਵਰੀ ਤੋਂ ਬਾਅਦ ਤਾਰਕੋਲ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸ਼ਹਿਰ ’ਚ 90 ਕਿਲੋਮੀਟਰ ਲੰਬੀਆਂ ਸੜਕਾਂ ਹੇਠਾਂ ਪਾਣੀ ਦੀ ਪਾਈਪਲਾਈਨ ਪਾਉਣੀ ਹੈ ਪਰ 2 ਸਾਲਾਂ ’ਚ ਸਿਰਫ਼ 55 ਕਿਲੋਮੀਟਰ ਪਾਈਪਲਾਈਨ ਹੀ ਵਿਛਾਈ ਜਾ ਸਕੀ ਹੈ। ਇਸੀ ਕਾਰਨ ਕਈ ਬਿਆਨਾਂ ਦੇ ਬਾਵਜੂਦ ਵੀ ਸੜਕਾਂ ਨਹੀਂ ਬਣ ਪਾ ਰਹੀਆਂ। ਸ਼ਹਿਰ ’ਚ 24 ਘੰਟੇ ਪਾਣੀ ਸਪਲਾਈ ਦਾ ਸਰਫੇਸ ਵਾਟਰ ਪ੍ਰੋਜੈਕਟ ਅਜੇ ਵੀ ਅੱਧ ਵਿੱਚ ਲਟਕਿਆ ਹੋਇਆ ਹੈ ਤੇ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ, ਜੋ ਕੰਮ ਸਤੰਬਰ 2023 ’ਚ ਮੁਕੰਮਲ ਹੋਣਾ ਸੀ, ਉਹ ਆਪਣੇ ਨਿਰਧਾਰਿਤ ਸਮੇਂ ਤੋਂ ਲੱਗਭਗ 2 ਸਾਲ ਦੀ ਦੇਰੀ ਨਾਲ ਚੱਲ ਰਿਹਾ ਹੈ, ਜਿੱਥੇ-ਜਿੱਥੇ ਪਾਈਪਲਾਈਨ ਲਈ ਸੜਕਾਂ ਤੋੜੀਆਂ ਗਈਆਂ ਹਨ, ਉਥੇ ਨਵੀਂ ਸੜਕ ਬਣਨ ’ਚ 2 ਸਾਲ ਤੱਕ ਦਾ ਸਮਾਂ ਲੱਗ ਰਿਹਾ ਹੈ। ਸੜਕਾਂ ਨਾ ਬਣਨ ਕਾਰਨ ਵਾਹਨ ਗਲਤ ਦਿਸ਼ਾ ’ਚ ਚੱਲ ਰਹੇ ਹਨ, ਜਿਸ ਨਾਲ ਟ੍ਰੈਫਿਕ ਵਿਵਸਥਾ ਵੀ ਪ੍ਰਭਾਵਿਤ ਹੋ ਰਹੀ ਹੈ। ਭੀੜ ਤੇ ਜਾਮ ਦੇ ਡਰ ਕਰ ਕੇ ਵਾਹਨ ਚਾਲਕਾਂ ਨੂੰ ਘੁੰਮ-ਫਿਰ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ। ਬਾਕਸ-- ਟੁੱਟਣ ਕਾਰਨ ਸਿਮਟੀਆਂ ਸੜਕਾਂ, ਜਾਮ ਦੇ ਬਣੇ ਹਾਲਾਤ ਪਾਈਪਲਾਈਨ ਪਾਉਣ ਦੌਰਾਨ ਸੜਕਾਂ ਟੁੱਟਣ ਕਾਰਨ ਜੋ ਸੜਕ ਪਹਿਲਾਂ 30 ਫੁੱਟ ਚੌੜੀ ਸੀ, ਉਹ ਹੁਣ 15 ਫੁੱਟ ਤੱਕ ਸਿਮਟ ਗਈ ਹੈ। ਇਸ ਸੰਗੜੇ ਰਾਹੀਂ ਵਾਹਨਾਂ ਦੀ ਆਵਾਜਾਈ ਕਾਰਨ ਇਨ੍ਹਾਂ ਸੜਕਾਂ ’ਤੇ ਭੀੜ ਅਤੇ ਜਾਮ ਦੇ ਹਾਲਾਤ ਬਣੇ ਰਹਿੰਦੇ ਹਨ। ਸ੍ਰੀ ਗੁਰੂ ਰਵਿਦਾਸ ਚੌਕ ਤੋਂ ਮਾਡਲ ਟਾਊਨ ਵੱਲ ਜਾਣ ਵਾਲੀ ਫੋਰ ਲੇਨ ਸੜਕ ਦੇ ਇੱਕ ਪਾਸੇ ਵਪਾਰਕ ਸੰਸਥਾਵਾਂ ਵੱਲੋਂ ਪਾਰਕਿੰਗ ਬਣਾਈ ਗਈ ਹੈ, ਜਿਸ ਕਾਰਨ ਵਾਹਨਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਇੱਥੋਂ ਦੇ ਹਾਲਾਤ ਸੜਕ ਬਣਨ ਤੋਂ ਬਾਅਦ ਹੀ ਸੁਧਰ ਸਕਣਗੇ। ਮਹਾਵੀਰ ਮਾਰਗ ’ਤੇ ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਕਪੂਰਥਲਾ ਰੋਡ ਤੇ ਗੁਰੂ ਰਵਿਦਾਸ ਚੌਕ ਤੱਕ ਦੀਆਂ ਸੜਕਾਂ ਟੁੱਟੇ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਬਾਕਸ-- ਜਿੱਥੇ ਮਿੱਟੀ ਪਾਈ ਗਈ, ਉਥੇ ਬਣ ਗਈ ਦਲਦਲ ਪਾਈਪਲਾਈਨ ਪਾਉਣ ਤੋਂ ਬਾਅਦ ਕੁਝ ਸੜਕਾਂ ’ਤੇ ਲੰਮੇ ਸਮੇਂ ਬਾਅਦ ਮਿੱਟੀ ਪਾ ਕੇ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਮਾਨਸੂਨ ਦੌਰਾਨ ਪਾਣੀ ਭਰਨ ਤੇ ਮਿੱਟੀ ਕਾਰਨ ਇਨ੍ਹਾਂ ਸੜਕਾਂ ’ਤੇ ਦਲਦਲ ਵਰਗੇ ਹਾਲਾਤ ਬਣ ਗਏ। ਮਿੱਟੀ ਤੇ ਟੋਇਆਂ ਕਾਰਨ ਕਈ ਵਾਹਨ ਪਲਟ ਗਏ ਤੇ ਹਾਦਸੇ ਵੀ ਵਾਪਰੇ। ਇੱਕ ਜਨਵਰੀ ਨੂੰ ਹੋਈ ਬਾਰਿਸ਼ ਤੋਂ ਬਾਅਦ ਮਿੱਟੀ ਮੁੜ ਦਲਦਲ ਬਣ ਗਈ ਹੈ, ਜਿਸ ਕਰ ਕੇ ਲੋਕ ਇਥੋਂ ਲੰਘਣ ਤੋਂ ਕਤਰਾਉਣ ਲੱਗੇ ਹਨ। ਇਸ ਨਾਲ ਤੰਗ ਸੜਕਾਂ ’ਤੇ ਭੀੜ ਵਧ ਰਹੀ ਹੈ ਤੇ ਜਾਮ ਲੱਗ ਰਹੇ ਹਨ। ਕੋਟਸ.. ‘ਨਗਰ ਨਿਗਮ ਵੱਲੋਂ ਸੜਕਾਂ ਦੀ ਮੁਰੰਮਤ ਲਈ 3 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਗਏ ਹਨ, ਜੋ ਜਲਦੀ ਹੀ ਅਲਾਟ ਕਰ ਦਿੱਤੇ ਜਾਣਗੇ। ਠੰਢ ਦੇ ਮੌਸਮ ’ਚ ਸੜਕਾਂ ਬਣਾਉਣਾ ਅਨੁਕੂਲ ਨਹੀਂ ਹੁੰਦਾ। ਹਾਟ ਮਿਕਸਿੰਗ ਪਲਾਂਟ ਵੀ ਬੰਦ ਹੈ। ਕੁਝ ਥਾਵਾਂ ’ਤੇ ਸੜਕ ਬਣਾਉਣ ਲਈ ਰੋਡ ਗਲਿਚ ਟੈਸਟ (ਸਥਿਤੀ ਦੀ ਜਾਂਚ) ਕੀਤਾ ਗਿਆ, ਜਿੱਥੇ ਪਾਣੀ ਸਮਾ ਰਿਹਾ ਸੀ। ਇਸ ਕਾਰਨ ਉਥੇ ਪਹਿਲਾਂ ਰੇਤ ਤੇ ਮਿੱਟੀ ਪਾਉਣ ਦਾ ਕੰਮ ਕਰਵਾਇਆ ਜਾਵੇਗਾ। ਫਰਵਰੀ ਤੋਂ ਬਾਅਦ ਇਨ੍ਹਾਂ ਸੜਕਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ।’ ਸੰਦੀਪ ਰਿਸ਼ੀ, ਕਮਿਸ਼ਨਰ, ਨਗਰ ਨਿਗਮ ਜਲੰਧਰ।