ਬਾਰ ਕੌਂਸਲਾਂ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
ਪੰਜਾਬ ਤੇ ਹਰਿਆਣਾ ਬਾਰ ਕੌਂਸਲ ਚੋਣਾਂ ਲਈ ਫਿਲੌਰ ’ਚ ਵੋਟਿੰਗ ਸ਼ਾਂਤਮਈ ਢੰਗ ਨਾਲ ਸੰਪੰਨ
Publish Date: Wed, 18 Mar 2026 06:51 PM (IST)
Updated Date: Wed, 18 Mar 2026 06:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੀਆਂ ਸਾਲ 2026 ਲਈ ਚੋਣਾਂ ਸਫਲਤਾਪੂਰਵਕ ਸੰਪੰਨ ਹੋ ਗਈਆਂ ਹਨ। ਇਸ ਦੌਰਾਨ ਪੰਜਾਬ, ਹਰਿਆਣਾ ਤੇ ਯੂਟੀ ਚੰਡੀਗੜ੍ਹ ਦੇ ਵਕੀਲਾਂ ਨੇ ਵੱਡੀ ਗਿਣਤੀ ’ਚ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਿੰਗ 17 ਤੇ 18 ਮਾਰਚ ਨੂੰ ਵੱਖ-ਵੱਖ ਨਿਰਧਾਰਤ ਪੋਲਿੰਗ ਸਟੇਸ਼ਨਾਂ ’ਤੇ ਸ਼ਾਂਤੀਪੂਰਵਕ ਢੰਗ ਨਾਲ ਹੋਈ। ਇਸ ’ਚ ਜ਼ਿਲ੍ਹਾ ਅਦਾਲਤਾਂ, ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਹੋਰ ਨੋਟੀਫਾਈਡ ਟ੍ਰਿਬਿਊਨਲ ਸ਼ਾਮਲ ਸਨ। ਵੱਡੀ ਹਾਜ਼ਰੀ ਨੇ ਕਾਨੂੰਨੀ ਭਾਈਚਾਰੇ ਦੀ ਲੋਕਤੰਤਰ ਪ੍ਰਤੀ ਵਚਨਬੱਧਤਾ ਨੂੰ ਦਰਸਾਇਆ। ਇਸ ਵਾਰ ਦੀ ਚੋਣ ’ਚ ਮਹਿਲਾ ਵਕੀਲਾਂ ਲਈ ਰਿਜ਼ਰਵੇਸ਼ਨ ਲਾਗੂ ਕਰਨਾ ਇਕ ਮਹੱਤਵਪੂਰਨ ਕਦਮ ਰਿਹਾ, ਜਿਸ ਨਾਲ ਬਾਰ ਕੌਂਸਲ ’ਚ ਪ੍ਰਤੀਨਿਧਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਚੋਣ ਪ੍ਰਕਿਰਿਆ ਨਿਰਧਾਰਤ ਨਿਯਮਾਂ ਅਨੁਸਾਰ ਯੋਗ ਅਧਿਕਾਰੀਆਂ ਦੀ ਦੇਖ-ਰੇਖ ਹੇਠ ਪੂਰੀ ਪਾਰਦਰਸ਼ਤਾ ਤੇ ਨਿਰਪੱਖਤਾ ਨਾਲ ਸੰਪੰਨ ਹੋਈ। ਸਭ ਹਿੱਸੇਦਾਰਾਂ ਵੱਲੋਂ ਚੋਣਾਂ ਦੇ ਸੁਚੱਜੇ ਤੇ ਸ਼ਾਂਤਮਈ ਕਰਵਾਉਣ ਦੀ ਸ਼ਲਾਘਾ ਕੀਤੀ ਗਈ ਹੈ। ਹੁਣ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਇਹ ਚੋਣਾਂ ਬਾਰ ਦੇ ਮੈਂਬਰਾਂ ’ਚ ਏਕਤਾ ਨੂੰ ਹੋਰ ਮਜ਼ਬੂਤ ਕਰਨਗੀਆਂ।