ਬੰਗਲਾਦੇਸ਼ ’ਚ ਹਿੰਦੂਆਂ ਵਿਰੁੱਧ ਹਿੰਸਾ ਗੰਭੀਰ ਮਨੁੱਖੀ ਅਧਿਕਾਰ ਉਲੰਘਣਾ : ਕੈਂਥ
ਬੰਗਲਾਦੇਸ਼ ’ਚ ਹਿੰਦੂਆਂ ਵਿਰੁੱਧ ਹਿੰਸਾ ਗੰਭੀਰ ਮਨੁੱਖੀ ਅਧਿਕਾਰ ਉਲੰਘਣਾ : ਕੈਂਥ
Publish Date: Tue, 06 Jan 2026 06:29 PM (IST)
Updated Date: Tue, 06 Jan 2026 06:32 PM (IST)

-ਕਿਹਾ, ਹਿੰਦੂਆਂ ’ਤੇ ਕੀਤੇ ਜਾ ਰਹੇ ਹਮਲੇ ਰੋਕਣ ’ਚ ਬੰਗਲਾਦੇਸ਼ ਸਰਕਾਰ ਨਾਕਾਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੰਗਲਾਦੇਸ਼ ਸਰਕਾਰ ਪਿਛਲੇ ਡੇਢ ਮਹੀਨੇ ਤੋਂ ਹਿੰਦੂ ਘੱਟ ਗਿਣਤੀ ਵਿਰੁੱਧ ਵਾਪਰ ਰਹੀਆਂ ਲਿੰਚਿੰਗਾਂ, ਕਤਲਾਂ ਅਤੇ ਨਿਸ਼ਾਨਾਬੱਧ ਹਮਲਿਆਂ ਨੂੰ ਰੋਕਣ ਵਿੱਚ ਲਗਾਤਾਰ ਅਸਫਲ ਰਹੀ ਹੈ। ਉਥੋਂ ਦੇ ਹਿੰਦੂ ਨਾਗਰਿਕਾਂ ਦੀਆਂ ਹਾਲੀਆ ਹੱਤਿਆਵਾਂ ਦੇ ਮਾਮਲਿਆਂ ਵਿਚ ਨਾ ਤਾਂ ਤੇਜ਼ ਨਿਆਂ ਮਿਲਿਆ ਹੈ ਅਤੇ ਨਾ ਹੀ ਕੋਈ ਪ੍ਰਭਾਵਸ਼ਾਲੀ ਰੋਕਥਾਮ ਵਾਲੀ ਕਾਰਵਾਈ ਨਜ਼ਰ ਆ ਰਹੀ ਹੈ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇੱਥੇ ਜਾਰੀ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਵੱਲੋਂ ਵਾਰ-ਵਾਰ ਭਰੋਸੇ ਦਿੱਤੇ ਜਾਣ ਦੇ ਬਾਵਜੂਦ, ਹਿੰਦੂ ਘੱਟ ਗਿਣਤੀਆਂ ਵਿਰੁੱਧ ਨਿਸ਼ਾਨਾਬੱਧ ਹਿੰਸਾ ਲਗਾਤਾਰ ਜਾਰੀ ਹੈ। ਉਨ੍ਹਾਂ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹੋ ਰਹੀਆਂ ਹਿੰਸਕ ਘਟਨਾਵਾਂ, ਲਿੰਚਿੰਗਾਂ ਅਤੇ ਕਤਲਾਂ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾਵਾਂ ਇਕੱਲੀਆਂ ਅਪਰਾਧਿਕ ਵਾਰਦਾਤਾਂ ਨਹੀਂ, ਸਗੋਂ ਨਿਸ਼ਾਨਾਬੱਧ ਅਤਿਆਚਾਰਾਂ ਦੇ ਇਕ ਪੈਟਰਨ ਵੱਲ ਇਸ਼ਾਰਾ ਕਰਦੀਆਂ ਹਨ। ਉਨ੍ਹਾਂ 27 ਸਾਲਾ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੀ ਲਿੰਚਿੰਗ ਦਾ ਹਵਾਲਾ ਦਿੱਤਾ, ਜਿਸਨੂੰ ਦਸੰਬਰ ਮਹੀਨੇ ਵਿੱਚ ਈਸ਼ਨਿੰਦਾ ਦੇ ਦੋਸ਼ ਲਗਾ ਕੇ ਇਕ ਭੀੜ ਵੱਲੋਂ ਬੇਰਹਮੀ ਨਾਲ ਕੁੱਟਿਆ ਗਿਆ, ਫਾਂਸੀ ਦਿੱਤੀ ਗਈ ਅਤੇ ਬਾਅਦ ਵਿੱਚ ਅੱਗ ਲਗਾ ਦਿੱਤੀ ਗਈ। ਕੈਂਥ ਨੇ ਕਿਹਾ ਕਿ ਇਹ ਦੋਸ਼ ਬਾਅਦ ਵਿੱਚ ਬੇਬੁਨਿਆਦ ਸਾਬਤ ਹੋਏ, ਜੋ ਭੀੜੀ ਹਿੰਸਾ ਰਾਹੀਂ ਕਾਨੂੰਨ-ਵਿਵਸਥਾ ਦੇ ਪੂਰਨ ਪਤਨ ਨੂੰ ਦਰਸਾਉਂਦੇ ਹਨ। ਕੈਂਥ ਨੇ ਸ਼ਰੀਅਤਪੁਰ ਜ਼ਿਲ੍ਹੇ ਦੇ 50 ਸਾਲਾ ਹਿੰਦੂ ਵਪਾਰੀ ਖੋਕਨ ਚੰਦਰ ਦਾਸ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨਰਸਿੰਦੀ ਜ਼ਿਲ੍ਹੇ ਵਿਚ ਇਕ ਹਿੰਦੂ ਕਰਿਆਨਾ ਦੁਕਾਨਦਾਰ ਤੇ ਜਸ਼ੋਰ ਵਿੱਚ ਇਕ ਹਿੰਦੂ ਪੱਤਰਕਾਰ ਤੇ ਫੈਕਟਰੀ ਮਾਲਕ ਦੀ ਹੱਤਿਆ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਤਿੰਨ ਹਫ਼ਤਿਆਂ ਤੋਂ ਘੱਟ ਸਮੇਂ ਵਿੱਚ ਘੱਟੋ-ਘੱਟ ਛੇ ਹਿੰਦੂਆਂ ਦੀਆਂ ਹੱਤਿਆਵਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜੋ ਸਪੱਸ਼ਟ ਤੌਰ ’ਤੇ ਪ੍ਰਸ਼ਾਸਕੀ ਨਾਕਾਮੀ ਨੂੰ ਦਰਸਾਉਂਦੀਆਂ ਹਨ। ਭਾਜਪਾ ਆਗੂ ਪਰਮਜੀਤ ਕੈਂਥ ਨੇ ਸਾਰੀਆਂ ਹਾਲੀਆ ਲਿੰਚਿੰਗ ਤੇ ਹੱਤਿਆਵਾਂ ਦੇ ਮਾਮਲਿਆਂ ਵਿਚ ਸਮਾਂਬੱਧ ਜਾਂਚ, ਸੰਵੇਦਨਸ਼ੀਲ ਹਿੰਦੂ ਬਸਤੀਆਂ ਤੇ ਪੂਜਾ ਸਥਾਨਾਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਸੰਵਿਧਾਨਕ ਜ਼ਿੰਮੇਵਾਰੀ ਅਤੇ ਲੋਕਤੰਤਰ ਦੀ ਅਸਲ ਕਸੌਟੀ ਹੈ। ਉਨ੍ਹਾਂ ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਕੂਟਨੀਤਕ ਦਬਾਅ ਅਤੇ ਨਿਗਰਾਨੀ ਲਗਾਤਾਰ ਬਣਾਈ ਰੱਖੀ ਜਾਵੇ। ਕੈਂਥ ਨੇ ਕਿਹਾ ਕਿ ਚੁੱਪੀ ਅਤੇ ਦੇਰੀ ਅਪਰਾਧੀਆਂ ਨੂੰ ਹੋਰ ਹੌਸਲਾ ਦੇਵੇਗੀ ਅਤੇ ਸਿਰਫ਼ ਦ੍ਰਿਸ਼ਮਾਨ, ਡਾਟਾ-ਆਧਾਰਿਤ ਅਤੇ ਸਮੇਂ-ਸਿਰ ਨਿਆਂ ਹੀ ਹਿੰਦੂ ਘੱਟ ਗਿਣਤੀਆਂ ਦਾ ਭਰੋਸਾ ਮੁੜ ਬਹਾਲ ਕਰ ਸਕਦਾ ਹੈ।