ਸਰਕਾਰੀ ਸਰੀਆ ਚੋਰੀ ਕਰਦੇ ਪੰਜ ਜਣੇ ਕਾਬੂ
ਨੈਸ਼ਨਲ ਹਾਈਵੇ ਤੋਂ ਸਰਕਾਰੀ ਸਰੀਆ ਚੋਰੀ ਕਰਦੇ ਚੋਰ ਪਿੰਡ ਵਾਸੀਆਂ ਨੇ ਕੀਤੇ ਕਾਬੂ
Publish Date: Mon, 09 Mar 2026 09:45 PM (IST)
Updated Date: Mon, 09 Mar 2026 09:48 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਭਾਰਤ ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਸਦਰ ਥਾਣਾ ਨਕੋਦਰ ਅਧੀਨ ਪੈਂਦੇ ਪਿੰਡ ਰਸੂਲਪੁਰ ਕਲਾਂ ਕੋਲ ਦੀ ਲੰਘ ਰਹੇ ਨੈਸ਼ਨਲ ਹਾਈਵੇ ਤੋਂ ਪੰਜ ਨੌਜਵਾਨਾ ਨੂੰ ਨੈਸ਼ਨਲ ਹਾਈਵੇ ਦਾ ਸਰਕਾਰੀ ਸਰੀਆ ਚੋਰੀ ਕਰਨ ਦੇ ਦੋਸ਼ ਹੇਠ ਪਿੰਡ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਕ ਵਿਅਕਤੀ ਸਵੇਰੇ ਸੈਰ ਕਰ ਰਿਹਾ ਸੀ, ਉਸ ਨੇ ਦੇਖਿਆ ਕਿ ਕੁਝ ਨੌਜਵਾਨ ਦੋ ਮੋਟਰਸਾਈਕਲਾਂ ਤੇ ਇਕ ਸਕੂਟਰੀ ਉੱਪਰ ਸਰੀਆ ਲੱਦ ਰਹੇ ਸਨ। ਉਕਤ ਵਿਅਕਤੀ ਨੇ ਪਿੰਡ ਫੋਨ ਕੀਤਾ ਤੇ ਹੋਰ ਬੰਦਿਆਂ ਨੂੰ ਬੁਲਾ ਕੇ ਨੌਜਵਾਨਾਂ ਨੂੰ ਆਰੀਆਂ ਤੇ ਬਲੇਡਾਂ ਨਾਲ ਮੌਕੇ ’ਤੇ ਕਾਬੂ ਕਰ ਲਿਆ। ਥਾਣਾ ਸਦਰ ਨਕੋਦਰ ਅਧੀਨ ਪੈਂਦੀ ਪੁਲਿਸ ਚੌਕੀ ਉੱਗੀ ਨੂੰ ਵਾਰ-ਵਾਰ ਫੋਨ ਕਰਨ ’ਤੇ ਪੁਲਿਸ ਮੌਕੇ ’ਤੇ ਨਾ ਪਹੁੰਚੀ ਤੇ ਲੋਕਾਂ ਵੱਲੋਂ ਆਖਰ ਸਦਰ ਥਾਣਾ ਨਕੋਦਰ ਨਾਲ ਸੰਪਰਕ ਕੀਤਾ ਗਿਆ ਤਾਂ ਮੌਕੇ ’ਤੇ ਏਐੱਸਆਈ ਤੀਰਥ ਸਿੰਘ ਪੁਲਸ ਪਾਰਟੀ ਨਾਲ ਪੁੱਜੇ ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਪੁਲਿਸ ਨੇ ਸਰਕਾਰੀ ਸਰੀਆ, ਦੋ ਮੋਟਰਸਾਈਕਲ, ਇਕ ਸਕੂਟਰੀ ਸਮੇਤ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਦਲਜੀਤ ਸਿੰਘ, ਲਵਪ੍ਰੀਤ ਸਿੰਘ, ਰੇਸ਼ਮ ਸਿੰਘ, ਜੇਤਿੰਦਰ ਤੇ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਪਿੰਡ ਤੁੰਗਵਾਲ ਸਦਰ ਥਾਣਾ ਕਪੂਰਥਲਾ ਵਜੋ ਹੋਈ ਹੈ। ਪੁਲਿਸ ਨੇ ਕਥਿਤ ਤੌਰ ’ਤੇ ਮੁਲਜ਼ਮਾਂ ਖਿਲਾਫ ਕਾਨੂੰਨੀ ਕਰਨ ਉਪਰੰਤ ਨਕੋਦਰ ਦੀ ਅਦਾਲਤ ’ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਕੋਦਰ ਕਪੂਰਥਲਾ ਮੁੱਖ ਮਾਰਗ ’ਤੇ ਮੁੜ ਤੋਂ ਪੀਸੀਆਰ ਦੀ ਗਸ਼ਤ ਚਾਲੂ ਕੀਤੀ ਜਾਵੇ। ਇਸ ਸਬੰਧੀ ਨਕੋਦਰ ਦੇ ਡੀਐੱਸਪੀ ਓੰਕਾਰ ਸਿੰਘ ਬਰਾੜ ਨੇ ਆਖਿਆ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਪੁਲਿਸ ਵੱਲੋਂ ਇਲਾਕੇ ਅੰਦਰ ਪੁਲਿਸ ਗਸ਼ਤ ਨੂੰ ਵਧਾਇਆ ਜਾਵੇਗਾ।