ਏਐੱਸਆਈ 8 ਹਜ਼ਾਰ ਦੀ ਵੱਢੀ ਲੈਂਦਾ ਗ੍ਰਿਫ਼ਤਾਰ
ਥਾਣਾ 2 ’ਚ ਵਿਜੀਲੈਂਸ ਦੀ ਛਾਪੇਮਾਰੀ
Publish Date: Mon, 09 Mar 2026 08:45 PM (IST)
Updated Date: Mon, 09 Mar 2026 08:48 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਵਿਜੀਲੈਂਸ ਬਿਊਰੋ ਦੀ ਟੀਮ ਨੇ ਇਕ ਵੱਡੀ ਕਾਰਵਾਈ ਕਰਦਿਆਂ ਥਾਣਾ ਨੰਬਰ 2 ਤੇ ਤਾਇਨਾਤ ਇਕ ਏਐੱਸਆਈ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਏਐੱਸਆਈ ਗੋਪਾਲ ਸਿੰਘ ਵਜੋਂ ਹੋਈ ਹੈ, ਜਿਸ ਤੋਂ ਵਿਜੀਲੈਂਸ ਟੀਮ ਨੇ 8,000 ਰੁਪਏ ਦੇ ਰੰਗ ਲੱਗੇ ਨੋਟ ਵੀ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਥਾਣਾ ਨੰਬਰ 2 ਤੇ ਤਾਇਨਾਤ ਏਐੱਸਆਈ ਗੋਪਾਲ ਸਿੰਘ ਇਕ ਵਿਅਕਤੀ ਨੂੰ ਕੇਸ ’ਚ ਨਾਮਜ਼ਦ ਕਰਨ ਦੀ ਧਮਕੀ ਦੇ ਕੇ ਪੈਸੇ ਮੰਗ ਰਿਹਾ ਸੀ। ਸ਼ਿਕਾਇਤ ਮਿਲਣ ਤੇ ਵਿਜੀਲੈਂਸ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਇਕ ਯੋਜਨਾਬੱਧ ਜਾਲ ਵਿਛਾਇਆ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਏਐੱਸਆਈ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਲਈ ਮੌਕੇ ਤੇ ਮੌਜੂਦ ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ। ਮੁਲਜ਼ਮ ਤੋਂ 8,000 ਰੁਪਏ ਨਕਦ ਵੀ ਬਰਾਮਦ ਕੀਤੇ ਗਏ। ਇਸ ਅਚਾਨਕ ਛਾਪੇਮਾਰੀ ਕਾਰਨ ਪੁਲਿਸ ਸਟੇਸ਼ਨ ’ਚ ਲੰਬੇ ਸਮੇਂ ਤੱਕ ਹਫੜਾ-ਦਫੜੀ ਮਚ ਗਈ। ਸੀਨੀਅਰ ਵਿਜੀਲੈਂਸ ਅਧਿਕਾਰੀਆਂ ਦੇ ਅਨੁਸਾਰ ਮਾਮਲੇ ਦੀ ਜਾਂਚ ਕਰਨ ਲਈ ਥਾਣਾ ਨੰਬਰ 2 ਨਾਲ ਸਬੰਧਤ ਰਿਕਾਰਡ ਵੀ ਜ਼ਬਤ ਕੀਤੇ ਜਾ ਰਹੇ ਹਨ। ਫਿਲਹਾਲ ਵਿਜੀਲੈਂਸ ਟੀਮ ਨੇ ਮੁਲਜ਼ਮ ਏਐੱਸਆਈ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮਾਮਲੇ ਦੀ ਵਿਸਥਾਰਤ ਜਾਂਚ ਜਾਰੀ ਹੈ।