ਬਸਤੀ ਸ਼ੇਖ ਸਥਿਤ ਦਸਹਿਰਾ ਗਰਾਊਂਡ ਦੇ ਕਮਰੇ ਅੰਦਰ ਨਸ਼ੇ ਦੇ ਟੀਕੇ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਵਾਇਰਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਨਸ਼ੇ ਖ਼ਿਲਾਫ਼ ਲਗਾਤਾਰ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਤੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਸ਼ਹਿਰ ਦੇ ਕੁਝ ਇਲਾਕਿਆਂ ’ਚ ਖੁੱਲ੍ਹੇਆਮ ਨਸ਼ਾ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸ਼ਨਿਚਰਵਾਰ ਦੁਪਹਿਰ ਜਲੰਧਰ ਵੈਸਟ ਹਲਕੇ ਦੇ ਬਸਤੀ ਸ਼ੇਖ ਸਥਿਤ ਦੁਸਹਿਰਾ ਗਰਾਊਂਡ ਦੀ ਇਕ ਵੀਡੀਓ ਵਾਇਰਲ ਹੋਈ, ਜਿਸ ’ਚ ਦੋ ਨੌਜਵਾਨ ਖੁੱਲ੍ਹੇਆਮ ਨਸ਼ਾ ਕਰਦੇ ਨਜ਼ਰ ਆਏ। ਮਿਲੀ ਜਾਣਕਾਰੀ ਅਨੁਸਾਰ ਬਸਤੀ ਸ਼ੇਖ ਸਥਿਤ ਦੁਸਹਿਰਾ ਗਰਾਊਂਡ ’ਚ ਬਣੇ ਇਕ ਕਮਰੇ ’ਚ ਅਕਸਰ ਨੌਜਵਾਨ ਨਸ਼ਾ ਕਰਨ ਲਈ ਵੜ ਜਾਂਦੇ ਹਨ। ਵੀਰਵਾਰ ਨੂੰ ਇਕ ਬਾਈਕ ’ਤੇ ਸਵਾਰ ਦੋ ਨੌਜਵਾਨ ਉਥੇ ਪੁੱਜੇ ਤੇ ਕਮਰੇ ’ਚ ਬੈਠ ਕੇ ਨਸ਼ੇ ਦਾ ਟੀਕਾ ਲਗਾਉਣ ਲੱਗ ਪਏ। ਆਲੇ-ਦੁਆਲੇ ਦੇ ਰਹਿਣ ਵਾਲਿਆਂ ਨੇ ਇਸ ਦੀ ਵੀਡੀਓ ਬਣਾ ਲਈ, ਜੋ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਬੰਧਤ ਥਾਣੇ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਹੈ ਪਰ ਢੰਗ ਦੀ ਕਾਰਵਾਈ ਨਾ ਹੋਣ ਕਾਰਨ ਨਸ਼ੇੜੀਆਂ ਦੇ ਹੌਸਲੇ ਬੁਲੰਦ ਹਨ। ਲੋਕਾਂ ਦਾ ਦੋਸ਼ ਹੈ ਕਿ ਗਰਾਊਂਡ ਹੌਲੀ-ਹੌਲੀ ਨਸ਼ੇ ਦਾ ਅੱਡਾ ਬਣਦਾ ਜਾ ਰਿਹਾ ਹੈ। ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਇਸ ਮੈਦਾਨ ’ਚ ਹਰ ਸਾਲ ਦੁਸਹਿਰੇ ਦਾ ਤਿਉਹਾਰ ਵੱਡੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਪਰ ਕੁਝ ਗ਼ੈਰ-ਸਮਾਜਿਕ ਅਨਸਰ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ’ਚ ਨਿਯਮਿਤ ਗਸ਼ਤ ਵਧਾਈ ਜਾਵੇ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕੇ ਦਾ ਮਾਹੌਲ ਖਰਾਬ ਨਾ ਹੋਵੇ।