ਮਹਾਰਾਸ਼ਟਰ ’ਚ ਹੁਣ ਅਸ਼ਲੀਲ ਵੀਡੀਓ ਕਾਂਡ
ਅਮਰਾਵਤੀ ’ਚ 180 ਲੜਕੀਆਂ
Publish Date: Wed, 15 Apr 2026 12:38 AM (IST)
Updated Date: Wed, 15 Apr 2026 12:42 AM (IST)
ਅਮਰਾਵਤੀ ’ਚ 180 ਲੜਕੀਆਂ ਨੂੰ ਕੀਤਾ ਗਿਆ ਬਲੈਕਮੇਲ
ਮੁੱਖ ਮੁਲਜ਼ਮ ਅਯਾਨ ਗ੍ਰਿਫਤਾਰ, ਜਾਂਚ ਸ਼ੁਰੂ
ਸਟੇਟ ਬਿਊਰੋ, ਮੁੰਬਈ : ਮਹਾਰਾਸ਼ਟਰ ’ਚ ਸੈਕਸ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਢੋਂਗੀ ਬਾਬਾ ਅਸ਼ੋਕ ਖਰਾਤ ਤੇ ਬਹੁਰਾਸ਼ਟਰੀ ਕੰਪਨੀ ਟੀਸੀਐੱਸ ’ਚ ਔਰਤਾਂ ਦੇ ਸੈਕਸ ਸ਼ੋਸ਼ਣ ਤੇ ਧਰਮ ਤਬਦੀਲੀ ਦੇ ਮਾਮਲੇ ਚੱਲ ਹੀ ਰਹੇ ਹਨ ਕਿ ਹੁਣ ਅਮਰਾਵਤੀ ਜ਼ਿਲ੍ਹੇ ਦੇ ਪਰਤਵਾੜਾ-ਅਚਲਪੁਰ ਖੇਤਰ ’ਚ ਸੈਂਕੜੇ ਔਰਤਾਂ ਤੇ ਨਾਬਾਲਗ ਲੜਕੀਆਂ ਨੂੰ ਪ੍ਰੇਮ ਜਾਲ ’ਚ ਫਸਾ ਕੇ ਉਨ੍ਹਾਂ ਦੇ ਅਸ਼ਲੀਲ ਵੀਡੀਓ ਬਣਾਉਣ ਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਭਾਜਪਾ ਦੇ ਸੰਸਦ ਮੈਂਬਰ ਡਾ. ਅਨਿਲ ਬੋਂਡੇ ਦੀ ਸ਼ਿਕਾਇਤ ਤੋਂ ਬਾਅਦ ਪ੍ਰਸ਼ਾਸਨ ਹਰਕਤ ’ਚ ਆਇਆ ਹੈ ਤੇ ਮੁੱਖ ਮੁਲਜ਼ਮ ਮੁਹੰਮਦ ਅਯਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਬੋਂਡੇ ਵੱਲੋਂ ਪੁਲਿਸ ਨੂੰ ਸੌਂਪੇ ਗਏ ਸਬੂਤਾਂ ਦੇ ਆਧਾਰ ’ਤੇ ਦੋਸ਼ ਲਗਾਇਆ ਗਿਆ ਹੈ ਕਿ ਇਹ ਗਿਰੋਹ ਡਿਜੀਟਲ ਮਾਧਿਅਮਾਂ ਦਾ ਸਹਾਰਾ ਲੈ ਕੇ ਜ਼ਿਆਦਾਤਰ ਨਾਬਾਲਗ ਲੜਕੀਆਂ ਤੇ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਸੀ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਮੁਲਜ਼ਮ ਇੰਟਰਨੈੱਟ ਮੀਡੀਆ ਤੇ ਮੈਸੇਜਿੰਗ ਐਪ ਰਾਹੀਂ ਸੰਪਰਕ ਸਥਾਪਿਤ ਕਰਦੇ ਸਨ ਤੇ ਬਾਅਦ ’ਚ ਇਤਰਾਜ਼ਯੋਗ ਵੀਡੀਓ ਤੇ ਤਸਵੀਰਾਂ ਦਾ ਡਰ ਦਿਖਾ ਕੇ ਸ਼ਿਕਾਰ ਬਣਾਈਆਂ ਗਈਆਂ ਲੜਕੀਆਂ ਨੂੰ ਬਲੈਕਮੇਲ ਕਰਦੇ ਸਨ। ਬੋਂਡੇ ਦਾ ਦੋਸ਼ ਹੈ ਕਿ 180 ਤੋਂ ਵੱਧ ਔਰਤਾਂ ਤੇ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਉੱਧਰ ਪੁਲਿਸ ਸੁਪਰਡੈਂਟ (ਦਿਹਾਤੀ) ਵਿਸ਼ਾਲ ਆਨੰਦ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਤਕਨੀਕੀ ਸਬੂਤਾਂ ਤੇ ਸਾਈਬਰ ਸੈੱਲ ਦੀ ਮਦਦ ਨਾਲ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ। ਪਰਤਵਾੜਾ ਪੁਲਿਸ ਨੇ ਮੁੱਖ ਮੁਲਜ਼ਮ ਵਿਰੁੱਧ ਬੀਐੱਨਐੱਸ ਦੀਆਂ ਧਾਰਾਵਾਂ ਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇੰਜ ਫਸਾਉਂਦਾ ਸੀ ਲੜਕੀਆਂ ਨੂੰ ਆਪਣੇ ਜਾਲ ’ਚ
ਡਾ. ਬੋਂਡੇ ਨੇ ਦੱਸਿਆ ਕਿ ਮੁੱਖ ਮੁਲਜ਼ਮ ਅਯਾਨ ਪਹਿਲਾਂ ਅਮਰਾਵਤੀ ਦੇ ਵੱਖ-ਵੱਖ ਸਥਾਨਾਂ ’ਤੇ ਚੱਲਣ ਵਾਲੇ ਕੋਚਿੰਗ ਸੈਂਟਰਾਂ ’ਚ ਦਾਖਲਾ ਲੈ ਕੇ ਉਥੇ ਪੜ੍ਹਨ ਵਾਲੀਆਂ ਨਾਬਾਲਗ ਲੜਕੀਆਂ ਨਾਲ ਦੋਸਤੀ ਕਰਦਾ ਸੀ। ਫਿਰ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾ ਕੇ ਹੋਟਲਾਂ ’ਚ ਲੈ ਜਾਂਦਾ ਸੀ। ਉਨ੍ਹਾਂ ਦੀ ਉਥੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ। ਉਹ ਹਿੰਦੂ ਤੇ ਮੁਸਲਿਮ ਦੋਵਾਂ ਹੀ ਫਿਰਕਿਆਂ ਦੀਆਂ ਲੜਕੀਆਂ ਨੂੰ ਨਿਸਾਨਾ ਬਣਾਉਂਦਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦ ਅਯਾਨ ਇਕ ਲੜਕੀ ਦਾ ਅਸ਼ਲੀਲ ਵੀਡੀਓ ਕਿਸੇ ਵਿਅਕਤੀ ਨੂੰ 50,000 ਰੁਪਏ ’ਚ ਵੇਚਨ ਦੀ ਕੋਸ਼ਿਸ਼ ਕਰ ਰਿਹਾ ਸੀ।