ਵੈਟਰਨਰੀ ਇੰਸਪੈਕਟਰਜ਼ ਰੋਸ ਮੁਜ਼ਾਹਰੇ ’ਚ ਕਰਨਗੇ ਸ਼ਮੂਲੀਅਤ
ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਸੂਬਾ ਪੱਧਰੀ ਰੋਸ ਮੁਜ਼ਾਹਰੇ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰੇਗੀ
Publish Date: Tue, 17 Mar 2026 07:38 PM (IST)
Updated Date: Tue, 17 Mar 2026 07:43 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੂੰ ਮੰਗਾਂ ਮਸਲਿਆਂ ਦੇ ਨਿਪਟਾਰੇ ਸਬੰਧੀ ਦਿੱਤੇ ਭਰੋਸਿਆਂ ਉਪਰੰਤ ਕੋਈ ਠੋਸ ਨਿਪਟਾਰਾ ਨਾ ਹੋਣ ਦੇ ਰੋਸ ਵਜੋਂ ਦੁਬਾਰਾ ਵਰਕ ਟੂ ਰੂਲ 'ਤੇ ਜਾਣ ਤੇ 21 ਮਾਰਚ ਨੂੰ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵਿਧਾਨ ਸਭਾ ਹਲਕੇ ਵਿਖੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ ਸਟੇਟ ਵੈਟਰਨਰੀ ਇਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਜਥੇਬੰਦਕ ਸਕੱਤਰ ਰਜਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਭਾਗ ਦੇ ਕੈਬਨਿਟ ਮੰਤਰੀ ਵੱਲੋਂ ਮੰਗਾਂ ਮਸਲਿਆਂ ਦੇ ਨਿਪਟਾਰੇ ਦਾ ਯਕੀਨ ਦਿਵਾਉਣ ਉਪਰੰਤ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਵਰਕ-ਟੂ-ਰੂਲ ਦੀ ਕਾਲ ਵਾਪਸ ਲਈ ਗਈ ਸੀ, ਪ੍ਰੰਤੂ ਢਾਈ ਮਹੀਨੇ ਬੀਤ ਜਾਣ ਉਪਰੰਤ ਮੰਗਾਂ ਮਸਲੇ ਉਥੇ ਹੀ ਖੜ੍ਹੇ ਹਨ। ਸਰਕਾਰ ਵੱਲੋਂ ਮਸਲਿਆਂ ਦੇ ਨਿਪਟਾਰੇ ਲਈ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ।
ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟੋਰੇਟ ਵਿਭਾਗ ਦੇ ਕਰਮਚਾਰੀਆਂ ਨੂੰ ਬਣਦਾ ਇਨਸਾਫ਼ ਦੇਣ ਦੀ ਥਾਂ ਮਸਲੇ ਲਟਕਾਉਣ ’ਚ ਵੱਧ ਦਿਲਚਸਪੀ ਦਿਖਾ ਰਿਹਾ ਹੈ। ਇਸ ਰਵੱਈਏ ਕਾਰਨ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਕੋਲ ਸੜਕਾਂ 'ਤੇ ਉੱਤਰਨ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਹੈ। ਇਨ੍ਹਾਂ ਹਲਾਤਾਂ ਕਾਰਨ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਰੋਸ ਜਾਹਿਰ ਕਰਦਿਆਂ ਸਰਕਾਰ ਵੱਲੋਂ ਵਾਧੂ ਲਏ ਜਾ ਰਹੇ ਕੰਮਾਂ ਦੀ ਥਾਂ ਸਿਰਫ਼ ਵਰਕ-ਟੂ-ਰੂਲ ਅਨੁਸਾਰ ਹੀ ਜ਼ਿੰਮੇਵਾਰੀਆਂ ਨਿਭਾਉਣ ਦਾ ਫ਼ੈਸਲਾ ਕੀਤਾ ਹੈ। ਇਸ ਬੇਇਨਸਾਫ਼ੀ ਤੇ ਧੱਕੇਸ਼ਾਹੀ ਖਿਲਾਫ ਜ਼ਿਲ੍ਹਾ ਜਲੰਧਰ ਦੇ ਵੈਟਰਨਰੀ ਇੰਸਪੈਕਟਰ ਕੇਡਰ ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮੀਟਿੰਗ ਕੀਤੀ ਤੇ ਸਮੁੱਚੇ ਆਗੂਆਂ ਨੇ ਕਿਹਾ ਕਿ ਆਪਣੇ ਰਿਟਾਇਰਡ ਸਾਥੀਆਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਸੂਬਾ ਪੱਧਰੀ ਰੋਸ ਰੈਲੀ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਰੋਹ ਦਾ ਪ੍ਰਗਟਾਵਾ ਕਰਨਗੇ।