ਤੇਜ਼ਧਾਰ ਹਥਿਆਰ ਵਿਖਾ ਕੇ ਸਬਜ਼ੀ ਵੇਚਣ ਵਾਲੇ ਨੂੰ ਲੁੱਟਿਆ, ਅਣਪਛਾਤੇ ਨਾਮਜ਼ਦ
ਤੇਜ਼ਧਾਰ ਹਥਿਆਰ ਦੀ ਨੌਕ ’ਤੇ ਸਬਜ਼ੀ ਵੇਚਣ ਵਾਲੇ ਨੂੰ ਲੁੱਟਿਆ
Publish Date: Tue, 03 Feb 2026 08:02 PM (IST)
Updated Date: Wed, 04 Feb 2026 04:11 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀ ਕਿੰਗ ਕਾਲੋਨੀ ’ਚ ਸਬਜ਼ੀ ਦੀ ਰੇਹੜੀ ਲਗਾ ਕੇ ਖੜ੍ਹੇ ਇਕ ਨੌਜਵਾਨ ਨੂੰ ਮੋਟਰਸਾਈਕਲ ’ਤੇ ਆਏ ਤਿੰਨ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ ਲਿਆ। ਲੁਟੇਰਿਆਂ ਨੇ ਸਬਜ਼ੀ ਵੇਚਣ ਵਾਲੇ ਕੋਲੋਂ ਨਕਦੀ, ਚਾਂਦੀ ਦੀ ਚੇਨ, ਮੋਬਾਈਲ ਫੋਨ ਲੁੱਟ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਤਿਰਭਜਨ ਕੁਮਾਰ ਵਾਸੀ ਅਲੀਪੁਰ, ਜੋ ਕਿ ਸਬਜ਼ੀ ਵੇਚਣ ਦਾ ਧੰਦਾ ਕਰਦਾ ਹੈ, ਬੀਤੇ ਦਿਨੀ ਕਿੰਗ ਕਾਲੋਨੀ ’ਚ ਸਬਜ਼ੀ ਦੀ ਰੇਹੜੀ ਲਗਾ ਕੇ ਖੜ੍ਹਾ ਸੀ। ਇਸ ਦੌਰਾਨ ਸਪਲੈਂਡਰ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਉਸ ਕੋਲ ਆਏ ਤੇ ਕੋਈ ਤੇਜ਼ਧਾਰ ਹਥਿਆਰ ਦਾ ਡਰ ਦਿਖਾ ਕੇ ਉਸ ਕੋਲੋਂ 1500 ਰੁਪਏ ਨਕਦ, ਇਕ ਚਾਂਦੀ ਦੀ ਚੇਨ ਤੇ ਮੋਬਾਈਲ ਫੋਨ ਲੁੱਟ ਲਿਆ। ਜਦ ਤੱਕ ਰੋਲਾ ਪਾਉਣ ’ਤੇ ਲੋਕ ਇਕੱਠਾ ਹੁੰਦੇ ਤਦ ਤੱਕ ਲੁਟੇਰੇ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਸੱਤ ਦੇ ਏਐੱਸਆਈ ਸਤਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਤਿਰਭਜਨ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਲਈ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।