ਜਬਰਦਸਤ ਵਸੂਲੀ ਖ਼ਿਲਾਫ਼ ਸਬਜ਼ੀ ਤੇ ਫਲ ਵਿਕ੍ਰੇਤਾਵਾਂ ਨੇ ਲਾਇਆ ਧਰਨਾ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Mon, 23 Feb 2026 10:49 PM (IST)
Updated Date: Mon, 23 Feb 2026 10:52 PM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ ਛਾਉਣੀ : ਆਜ਼ਾਦ ਸਬਜ਼ੀ ਮੰਡੀ ਤੇ ਚੌਪਾਟੀ ਵਿਚ ਪਿਛਲੇ ਕਾਫੀ ਸਮੇਂ ਤੋਂ ਇਕ ਵਿਅਕਤੀ ਵੱਲੋਂ ਜਬਰੀ ਵਸੂਲੀ ਖ਼ਿਲਾਫ਼ ਅੱਜ ਸਬਜ਼ੀ ਤੇ ਫਲ ਵਿਕ੍ਰੇਤਾਵਾਂ ਨੇ ਸੜਕ ਜਾਮ ਕਰ ਕੇ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਤੇ ਸਬਜ਼ੀ ਮੰਡੀ ਬੰਦ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਕਾਫੀ ਸਮੇਂ ਤੋਂ ਲੋਕਾਂ ਤੋਂ ਜਬਰੀ ਪੈਸੇ ਵਸੂਲ ਰਿਹਾ ਹੈ ਤੇ ਵਸੂਲੀ ਨਾ ਦੇਣ ਦੀ ਸੂਰਤ ’ਚ ਝਗੜੇ ਲਈ ਉਤਾਰੂ ਹੋ ਜਾਂਦਾ ਹੈ। ਝਗੜਾ ਨਾ ਹੋਵੇ ਇਸ ਲਈ ਦੁਕਾਨਦਾਰ ਪੈਸੇ ਦੇ ਦਿੰਦੇ ਹਨ ਪਰ ਹੁਣ ਇਸ ਵਿਅਕਤੀ ਦਾ ਹੌਸਲਾ ਵਧਦਾ ਜਾ ਰਿਹਾ ਹੈ।
ਇਸ ਸਬੰਧੀ ਅੱਜ ਸਬਜ਼ੀ ਮੰਡੀ ਦੇ ਵਿਕ੍ਰੇਤਾਵਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਕੈਂਟ ਥਾਣੇ ’ਚ ਪਿਛਲੇ ਹਫਤੇ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਸੋਮਵਾਰ ਸਬਜ਼ੀ ਮੰਡੀ ਤੇ ਚੌਪਾਟੀ ਦੇ ਦੁਕਾਨਦਾਰਾਂ ਤੇ ਸਬਜ਼ੀ ਵਿਕ੍ਰੇਤਾਵਾਂ ਨੇ ਸੜਕ ਵਿਚਾਲੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਜਦੋਂ ਤੱਕ ਉਸ ਵਿਅਕਤੀ 'ਤੇ ਮਾਮਲਾ ਦਰਜ ਨਹੀਂ ਹੁੰਦਾ, ਉਹ ਧਰਨੇ ਤੋਂ ਨਹੀਂ ਉਠਣਗੇ। ਮੌਕੇ 'ਤੇ ਪੁੱਜੇ ਥਾਣਾ ਇੰਚਾਰਜ ਨੇ ਇਹ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ ਕਿ ਉਹ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਨਗੇ। ਪੁਲਿਸ ਨੇ ਸ਼ਾਮ ਨੂੰ ਮੁਲਜ਼ਮ ਪ੍ਰਿੰਸ ਉਰਫ ਪੱਟਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।