ਵੇਦਾਂਤਾ ਪਾਵਰ ਪਲਾਂਟ ’ਚ ਬਾਇਲਰ ਫਟਿਆ, 10 ਮਜ਼ਦੂਰ ਮਰੇ
ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ
Publish Date: Tue, 14 Apr 2026 09:10 PM (IST)
Updated Date: Tue, 14 Apr 2026 09:15 PM (IST)

ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ ’ਚ ਸਥਿਤ ਪਾਵਰ ਪਲਾਂਟ ’ਚ ਹਾਦਸਾ 36 ਮਜ਼ਦੂਰ ਜ਼ਖ਼ਮੀ, ਛੇ ਦੀ ਹਾਲਤ ਨਾਜੁਕ, ਪਲਾਂਟ ’ਚ ਲੱਗੀ ਅੱਗ ਨਈ ਦੁਨੀਆ, ਜਾਂਜਗੀਰ-ਚਾਂਪਾ : ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ ’ਚ ਸਥਿਤ ਵੇਦਾਂਤਾ ਪਾਵਰ ਪਲਾਂਟ ’ਚ ਮੰਗਲਵਾਰ ਨੂੰ ਬਾਇਲਰ ਫਟਨ ਨਾਲ 10 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 36 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਛੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਕੁਝ ਜ਼ਖ਼ਮੀਆਂ ਨੂੰ ਮੈਟਰੋ ਹਸਪਤਾਲ ਤੇ ਮੈਡੀਕਲ ਕਾਲਜ ਰਾਇਗੜ੍ਹ ਭੇਜਿਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪਲਾਂਟ ’ਚ ਅੱਗ ਲੱਗ ਗਈ ਤੇ ਧੂੰਆਂ ਚਾਰੇ ਪਾਸੇ ਫੈਲ ਗਿਆ, ਜਿਸ ਨਾਲ ਉਥੇ ਕੰਮ ਕਰ ਰਹੇ ਮਜ਼ਦੂਰਾਂ ’ਚ ਅਫਰਾਤਫਰੀ ਮਚ ਗਈ। ਹਾਦਸੇ ਦੌਰਾਨ ਪਾਵਰ ਪਲਾਂਟ ’ਚ ਲਗਪਗ 50 ਮਜ਼ਦੂਰ ਕੰਮ ਕਰ ਰਹੇ ਸਨ। ਹਾਦਸੇ ’ਚ ਗੰਭੀਰ ਤੌਰ ’ਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਅੱਖੀਂ ਵੇਖਣ ਵਾਲਿਆਂ ਅਨੁਸਾਰ ਧਮਾਕੇ ਤੋਂ ਬਾਅਦ ਪਲਾਂਟ ’ਚ ਭਾਜੜ ਵਰਗੇ ਹਲਾਤ ਪੈਦਾ ਹੋਏ ਸਨ। ਕਈ ਮਜ਼ਦੂਰ ਝੁਲਸ ਗਏ, ਜਦਕਿ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪ੍ਰਸ਼ਾਸਨ ਨੇ ਘਟਨਾ ਸਥਾਨ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਤੌਰ ’ਤੇ ਬਾਇਲਰ ਫਟਨ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਪਰ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦਾ ਪਤਾ ਲੱਗ ਸਕੇਗਾ। ਮੁੱਖ ਮੰਤਰੀ ਵਿਸ਼ਨੂੰ ਦੇਵ ਸਾਇ ਨੇ ਜ਼ਖ਼ਮੀਆਂ ਨੂੰ ਬੇਹਤਰ ਇਲਾਜ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਘਟਨਾ ਦੀ ਨਿਰਪੱਖ ਜਾਂਚ ਕਰਾਈ ਜਾਵੇਗੀ ਤੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਬਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕਨ੍ਹਈਆ ਅਗਰਵਾਲ ਨੇ ਇਸ ਨੂੰ ਪ੍ਰਬੰਧਨ ਦੀ ਅਪਰਾਧਿਕ ਲਾਪ੍ਰਵਾਹੀ ਦੱਸਿਆ ਹੈ। ਉਨ੍ਹਾਂ ਨੇ ਮ੍ਰਿਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਤੇ ਜ਼ਖ਼ਮੀਆਂ ਨੂੰ 20 ਲੱਖ ਰੁਪਏ ਮਦਦ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਸੱਤ ਦਿਨਾਂ ’ਚ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਾਂਗਰਸ ਮਜ਼ਦੂਰ ਸੰਗਠਨਾਂ ਦੇ ਨਾਲ ਅੰਦੋਲਨ ਕਰੇਗੀ।