ਵਸੁੰਧਰਾ ਨੇ ਹਲਚਲ ਮਚਾਉਣ ਵਾਲੇ ਬਿਆਨ ’ਤੇ ਦਿੱਤੀ ਸਫਾਈ
ਮੈਂ ਕੁਝ ਨਹੀਂ ਕਰ
Publish Date: Sun, 12 Apr 2026 08:16 PM (IST)
Updated Date: Sun, 12 Apr 2026 08:22 PM (IST)

ਮੈਂ ਕੁਝ ਨਹੀਂ ਕਰ ਸਕੀ ਵਾਲੇ ਬਿਆਨ ਨਾਲ ਪੈਣ ਲੱਗੀ ਸੀ ਪਾਰਟੀ ’ਚ ਫੁੱਟ ਜਾਸ, ਜੈਪੁਰ : ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੱਲੋਂ ਤਿੰਨ ਦਿਨ ਪਹਿਲਾਂ ਦਿੱਤੇ ਗਏ ਬਿਆਨ ਨੂੰ ਲੈ ਕੇ ਭਾਜਪਾ ਦੀ ਅੰਦਰੂਨੀ ਰਾਜਨੀਤੀ ਤੇਜ਼ ਹੋ ਗਈ। ਵਸੁੰਧਰਾ ਦੇ ਬਿਆਨ ਨੂੰ ਲੈ ਕੇ ਹਲਚਲ ਇੰਨੀ ਤੇਜ਼ ਹੋਈ ਕਿ ਖੁਦ ਉਨ੍ਹਾਂ ਨੂੰ ਸਫਾਈ ਦੇਣੀ ਪਈ। ਅਸਲ ’ਚ ਤਿੰਨ ਦਿਨ ਪਹਿਲਾਂ ਵਸੁੰਧਰਾ ਲੋਕਾਂ ਨਾਲ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਕੁਝ ਲੋਕਾਂ ਨੇ ਰਾਸ਼ਟਰੀ ਰਾਜਮਾਰਗ ਅਥਾਰਿਟੀ ਵੱਲੋਂ ਬਣਾਈ ਜਾ ਰਹੀ ਸੜਕ ਦੀ ਅਲਾਈਨਮੈਂਟ ਨੂੰ ਬਦਲਣ ਦੀ ਮੰਗ ਕੀਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਅਲਾਈਨਮੈਂਟ ਨਾਲ ਉਨ੍ਹਾਂ ਦੀਆਂ ਜ਼ਮੀਨਾਂ ਜਾ ਰਹੀਆਂ ਹਨ। ਇਸ ’ਤੇ ਵਸੁੰਧਰਾ ਨੇ ਕਿਹਾ ਸੀ ਕਿ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦੀ। ਮੈਂ ਆਪਣੇ ਲਈ ਕੁਝ ਨਹੀਂ ਕਰ ਸਕੀ ਸੀ। ਮੈਨੂੰ ਹਾਈਵੇ ਲਈ ਧੌਲਪੁਰ ’ਚ ਆਪਣੇ ਰਿਹਾਇਸ਼ੀ ਕੰਪਲੈਕਸ ਦੀ ਕੰਧ ਪਿੱਛੇ ਕਰਨੀ ਪਈ ਸੀ। ਵਸੁੰਧਰਾ ਦੇ ਇਸ ਬਿਆਨ ’ਤੇ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਸਮੇਤ ਕਈ ਨੇਤਾਵਾਂ ਨੇ ਭਾਜਪਾ ’ਤੇ ਨਿਸ਼ਾਨ ਵਿੰਨ੍ਹਿਆ ਸੀ। ਡੋਟਾਸਰਾ ਦਾ ਦੋਸ਼ ਸੀ ਕਿ ਵਸੁੰਧਰਾ ਇਸ ਬਹਾਨੇ ਆਪਣਾ ਦਰਦ ਜਨਤਕ ਕਰ ਰਹੀ ਹੈ। ਮਾਮਲਾ ਵਧਿਆ ਤਾਂ ਸ਼ਨੀਵਾਰ ਨੂੰ ਖੁਦ ਵਸੁੰਧਰਾ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਕੁਝ ਸਾਜ਼ਿਸ਼ਕਾਰੀ ਲੋਕ ਹਨ, ਜੋ ਮੇਰੀ ਗੱਲ ਦਾ ਗਲਤ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਮੈਂ ਪਾਰਟੀ ਲਈ ਨਿਰੰਤਰ ਕੰਮ ਕਰ ਰਹੀ ਹਾਂ ਤੇ ਕਰਦੀ ਰਹਾਂਗੀ। ਭਾਜਪਾ ਦੇ ਸੂਬਾ ਪ੍ਰਧਾਨ ਮਦਨ ਰਾਠੌੜ ਨੇ ਪਾਰਟੀ ’ਚ ਗੁੱਟਬਾਜ਼ੀ ਨੂੰ ਨਕਾਰਦੇ ਹੋਏ ਕਿਹਾ ਕਿ ਮੇਰੀ ਇਕ ਦਿਨ ਪਹਿਲਾਂ ਹੀ ਵਸੁੰਧਰਾ ਨਾਲ ਗੱਲ ਹੋਈ ਹੈ। ਉਨ੍ਹਾਂ ਦਾ ਪਾਰਟੀ ’ਚ ਸਨਮਾਨ ਹੈ। ਪਾਰਟੀ ’ਚ ਫੁੱਟ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਕਦੇ ਸਫਲ ਨਹੀਂ ਹੋਣਗੇ।